ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਜੂਨ
ਐੱਸਟੀਐੱਫ ਦੀ ਟੀਮ ਨੇ ਕਰਿਆਨਾ ਦੀ ਦੁਕਾਨ ਚਲਾਉਣ ਦੀ ਆੜ ਵਿੱਚ ਗਾਂਜਾ ਸਪਲਾਈ ਕਰਨ ਦੇ ਦੋਸ਼ ਹੇਠ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਵਿਅਕਤੀ ਆਪਣੇ ਲੜਕੇ ਅਤੇ ਜਵਾਈ ਨੂੰ ਨਾਲ ਲੈ ਕੇ ਨਸ਼ੀਲੇ ਪਦਾਰਥਾਂ ਦੀ ਕਥਿਤ ਸਪਲਾਈ ਕਰਦਾ ਸੀ। ਪੁਲੀਸ ਨੇ ਮੁਲਜ਼ਮਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਮੁਲਜ਼ਮ ਲੁਹਾਰਾ ਇਲਾਕੇ ’ਚ ਨਸ਼ੀਲਾ ਪਦਾਰਥ ਸਪਲਾਈ ਕਰਨ ਲਈ ਖੜ੍ਹੇ ਸਨ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਪਹਿਲਾਂ ਦੋ ਕਿਲੋ ਗਾਂਜਾ ਅਤੇ ਫਿਰ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 30 ਕਿਲੋ ਗਾਂਜਾ ਘਰ ਵਿੱਚੋਂ ਬਰਾਮਦ ਕੀਤਾ ਹੈ। ਜਾਂਚ ਮਗਰੋਂ ਪੁਲੀਸ ਨੇ ਮੁਹਾਲੀ ਦੇ ਐੱਸਟੀਐੱਫ ਥਾਣੇ ਵਿੱਚ ਮੁਹੱਲਾ ਸੁਮਨ ਹੀਰੋ ਨਗਰ ਵਾਸੀ ਸੰਜੈ ਉਪਾਧਿਆਏ, ਉਸਦੇ ਲੜਕੇ ਸੋਨੂੰ ਕੁਮਾਰ ਤੇ ਜਵਾਈ ਅਖਿਲੇਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਦੋ ਦਿਨਾ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
ਡੀਐਸਪੀ ਐਸਟੀਐਫ ਦਵਿੰਦਰ ਕੁਮਾਰ ਚੌਧਰੀ ਤੇ ਐਸਟੀਐਫ਼ ਦੇ ਜ਼ਿਲ੍ਹਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਲੁਹਾਰਾ ਪਿੰਡ ’ਚ ਬਾਪੂ ਮਾਰਕੀਟ ਕੋਲ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਸੰਜੈ ਉਪਾਧਿਆਏ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਤੇ ਇਸ ਸਮੇਂ ਵੀ ਆਪਣੇ ਲੜਕੇ ਤੇ ਜਵਾਈ ਨਾਲ ਮੁਲਜ਼ਮ ਗਾਂਜਾ ਸਪਲਾਈ ਕਰਨ ਲਈ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਦੋ ਕਿਲੋ ਗਾਂਜਾ ਬਰਾਮਦ ਕੀਤਾ ਹੈ। ਪੁਲੀਸ ਪੁੱਛਗਿਛ ’ਚ ਪਤਾ ਲੱਗਿਆ ਕਿ ਮੁਲਜ਼ਮਾਂ ਕੋਲ ਹੋਰ ਵੀ ਗਾਂਜਾ ਹੈ। ਜਿਸਦੀ ਨਿਸ਼ਾਨਦੇਹੀ ’ਤੇ ਮੁਲਜ਼ਮਾਂ ਦੇ ਕਬਜ਼ੇ ’ਚੋਂ 30 ਕਿਲੋ ਗਾਂਜਾ ਹੋਰ ਬਰਾਮਦ ਕੀਤਾ ਗਿਆ। ਪੁਲੀਸ ਪੁੱਛਗਿਛ ’ਚ ਸੰਜੇ ਉਪਾਧਿਆਏ ਨੇ ਦੱਸਿਆ ਕਿ ਉਹ ਘਰ ਕੋਲ ਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਤੇ ਦੁਕਾਨ ਦੀ ਆੜ ’ਚ ਹੀ ਗਾਂਜਾ ਸਪਲਾਈ ਕਰਦਾ ਹੈ। ਮੁਲਜ਼ਮ ਦੇ ਖਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਪੰਜ ਕੇਸ ਦਰਜ ਹਨ। ਮੁਲਜ਼ਮ ਦਾ ਲੜਕਾ ਸੋਨੂੰ ਵੀ ਉਸ ਨਾਲ ਗਾਂਜਾ ਸਪਲਾਈ ਕਰਨਾ ਲੱਗਿਆ। ਜਦੋਂ ਕਿ ਇੱਕ ਸਾਈਕਲ ਫੈਕਟਰੀ ’ਚ ਕੰਮ ਕਰਨ ਵਾਲਾ ਮੁਲਜ਼ਮ ਅਖਿਲੇਸ਼ ਵੀ ਪੰਜ ਮਹੀਨੇ ਤੋਂ ਮੈਡੀਕਲ ਛੁੱਟੀ ’ਤੇ ਚੱਲ ਰਿਹਾ ਸੀ ਤੇ ਉਸੇ ਦੇ ਚੱਲਦੇ ਉਹ ਵੀ ਪੈਸੇ ਕਮਾਉਣ ਲਈ ਆਪਣੇ ਸਹੁਰੇ ਤੇ ਸਾਲੇ ਨਾਲ ਮਿਲ ਕੇ ਨਸ਼ਾ ਸਪਲਾਈ ਕਰਨਾ ਲੱਗਿਆ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਪਤਾ ਲਾਉਣ ’ਚ ਲੱਗੀ ਹੋਈ ਹੈ ਕਿ ਉਹ ਗਾਂਜਾ ਕਿਸ ਵਿਅਕਤੀ ਤੋਂ ਲਿਆ ਕੇ ਕਿੰਨ੍ਹਾਂ ਨੂੰ ਸਪਲਾਈ ਕਰਦਾ ਹੈ।
30 ਕਿਲੋ ਭੁੱਕੀ ਤੇ 250 ਗ੍ਰਾਮ ਅਫੀਮ ਫੜੀ
ਮਾਛੀਵਾੜਾ (ਪੱਤਰ ਪ੍ਰੇਰਕ): ਸਥਾਨਕ ਪੁਲੀਸ ਵਲੋਂ ਅੱਜ 30 ਕਿਲੋ ਭੁੱਕੀ ਅਤੇ 250 ਗ੍ਰਾਮ ਅਫ਼ੀਮ ਸਮੇਤ ਇੱਕ ਵਿਅਕਤੀ ਗੁਰਵਿੰਦਰ ਸਿੰਘ ਉਰਫ਼ ਗਿੰਦਾ ਵਾਸੀ ਪੂਨੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਵਿਜੈ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਮੋਹਨ ਲਾਲ ਵਲੋਂ ਟੀ-ਪੁਆਇੰਟ ਕ੍ਰਿਪਾਨ ਭੇਟ ਸਾਹਿਬ ਵਿਖੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਸਕੂਟੀ ’ਤੇ ਸਵਾਰ ਇੱਕ ਨੌਜਵਾਨ ਮੋਟਰਸਾਈਕਲ ’ਤੇ ਆਉਂਦਾ ਦਿਖਾਈ ਦਿੱਤਾ ਜੋ ਪੁਲੀਸ ਪਾਰਟੀ ਨੂੰ ਦੇਖ ਪਿੱਛੇ ਮੁੜਨ ਲੱਗਾ। ਪੁਲੀਸ ਵਲੋਂ ਮੁਸ਼ਤੈਦੀ ਵਰਤਦਿਆਂ ਇਸ ਨੂੰ ਕਾਬੂ ਕਰ ਲਿਆ ਗਿਆ। ਇਸ ਦੀ ਸਕੂਟੀ ’ਤੇ ਥੈਲਾ ਰੱਖਿਆ ਹੋਇਆ ਸੀ। ਪੁਲੀਸ ਵਲੋਂ ਪੁੱਛਗਿੱਛ ਕਰਨ ’ਤੇ ਇਸ ਨੇ ਆਪਣਾ ਨਾਮ ਗੁਰਵਿੰਦਰ ਸਿੰਘ ਉਰਫ਼ ਗਿੰਦਾ ਦੱਸਿਆ ਅਤੇ ਉਸ ਕੋਲੋਂ ਮਿਲੇ ਥੈਲੇ ਵਿੱਚੋਂ 30 ਕਿਲੋ ਭੁੱਕੀ ਅਤੇ 250 ਗ੍ਰਾਮ ਅਫ਼ੀਮ ਬਰਾਮਦ ਹੋਈ। ਮਾਛੀਵਾੜਾ ਪੁਲੀਸ ਵਲੋਂ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਲਿਆ ਗਿਆ।
260 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸੀਆਈਏ ਸਟਾਫ-1 ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਲੱਖਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਰਾਜ ਕੁਮਾਰ ਵਾਸੀ ਗਲੀ ਨੰਬਰ 5/6 ਮੁਹੱਲਾ ਸੁਤੰਤਰ ਨਗਰ ਜੋਧੇਵਾਲ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਨੇ ਸ਼ੰਕਰ ਕਲੋਨੀ 33 ਫੁੱਟਾ ਰੋਡ ਤੋਂ ਉਸਨੂੰ ਕਾਬੂ ਕਰਕੇ ਤਲਾਸ਼ੀ ਦੌਰਾਨ ਉਸ ਕੋਲੋਂ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਹੈਰੋਇਨ ਵੇਚਦਾ ਆ ਰਿਹਾ ਹੈ। ਉਹ ਹੈਰੋਇਨ ਮਨੀ ਮਲਹੋਤਰਾ ਵਾਸੀ ਮੋਤੀ ਬਾਗ਼ ਕਲੋਨੀ ਬਸਤੀ ਜੋਧੇਵਾਲ ਲੁਧਿਆਣਾ ਤੋਂ ਲੈਂਦਾ ਸੀ ਜਿਸਦੀ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮ ਨੇ ਦੱਸਿਆ ਕਿ ਉਹ ਉਹ ਮੋਬਾਈਲ ਰਿਪੇਅਰ ਦੀ ਦੁਕਾਨ ਚਲਾਉਂਦਾ ਸੀ, ਜਿਸਨੂੰ ਛੱਡਕੇ ਉਹ ਹੈਰੋਇਨ ਵੇਚਣ ਵੱਲ ਲੱਗ ਗਿਆ ਸੀ। ਪੁਲੀਸ ਵੱਲੋਂ ਉਸਦੀ ਜੁਪੀਟਰ ਸਕੂਟਰੀ ਵੀ ਕਬਜ਼ੇ ਵਿੱਚ ਲੈ ਲਈ ਗਈ ਹੈ।