ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਆਈਏ ਸਟਾਫ਼ ਥਾਣਾ ਪੁਲੀਸ ਵੱਲੋਂ ਇੱਕ ਨਸ਼ਾ ਤਸਕਰ ਨੂੰ ਸਵਾ ਕਿਲੋ ਅਫ਼ੀਮ ਸਮੇਤ ਹਿਰਾਸਤ ’ਚ ਲੈ ਕੇ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐੱਸਪੀ (ਡੀ) ਪ੍ਰਿਥੀਪਾਲ ਸਿੰਘ ਬਟਾਲਾ ਨੇ ਦੱਸਿਆ ਕਿ ਅਨਿਲ ਭਨੋਟ ਡੀਐੱਸਪੀ (ਡੀ) ਦੀ ਨਿਗਰਾਨੀ ਹੇਠ ਇੰਸਪੈਕਟਰ ਦਲਵੀਰ ਸਿੰਘ ਇੰਚਾਰਜ ਸੀਆਈਏ ਦੀ ਟੀਮ ਸਬ-ਇੰਸਪੈਕਟਰ ਕਰਮਜੀਤ ਸਿੰਘ ਤੇ ਏਐੱਸਆਈ ਰਣਧੀਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਨਸ਼ਾ ਤਸਕਰ ਗੁਰਤੇਜ ਸਿੰਘ ਤੇਜ਼ੀ ਵਾਸੀ ਵਾਰਡ ਨੰਬਰ 3 ਕੁੱਲਾ ਪੱਤੀ ਰਾਏਕੋਟ ਜੋ ਇੱਕ ਪੁਰਾਣਾ ਤਸਕਰ ਹੈ, ਅਫ਼ੀਮ ਦੀ ਖੇਪ ਲੈ ਕੇ ਮਾਲੇਰਕੋਟਲਾ ਤੋਂ ਪਿੰਡਾਂ ਵਿੱਚੋਂ ਹੁੰਦਾ ਹੋਇਆ ਰਾਏਕੋਟ ਸ਼ਹਿਰ ਵੱਲ ਆ ਰਿਹਾ ਹੈ। ਪੁਲੀਸ ਨੇ ਸਬ-ਇੰਸਪੈਕਟਰ ਕਰਮਜੀਤ ਸਿੰਘ ਦੀ ਅਗਵਾਈ ਹੇਠ ਨਾਕਾਬੰਦੀ ਕਰ ਕੇ ਗੁਰਤੇਜ਼ ਸਿੰਘ ਤੇਜ਼ੀ ਨੂੰ ਸਮੇਤ ਐਕਟਿਵਾ ਹਿਰਾਸਤ ’ਚ ਲੈ ਲਿਆ। ਜਾਮਾ ਤਲਾਸ਼ੀ ਦੌਰਾਨ ਉਸ ਕੋਲੋਂ ਸਵਾ ਕਿਲੋ ਅਫ਼ੀਮ ਬਰਾਮਦ ਹੋਈ।