ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਜੁਲਾਈ
ਇੰਗਲੈਂਡ ਦੀ ਕੌਮਾਂਤਰੀ ਰਜਿਸਟਰ ਆਫ ਸਰਟੀਫਿਕੇਟ ਆਡੀਟਰਜ਼ ਅਤੇ ਚਾਰਟਡ ਕੁਆਲਿਟੀ ਸੰਸਥਾ ਨੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਰਨਰੀ ਸਾਇੰਸ ਕਾਲਜ ਰਾਮਪੁਰਾ ਫੂਲ ਦੇ ਡੀਨ ਡਾ. ਮਨੀਸ਼ ਕੁਮਾਰ ਚੈਟਲੀ ਨੂੰ ਫੂਡ ਸੇਫਟੀ ਅਤੇ ਮੈਨੇਜਮੈਂਟ ਸਿਸਟਮ ਦਾ ਲੀਡ ਆਡੀਟਰ ਬਣਾਇਆ ਹੈ। ਡਾ. ਚੈਟਲੀ ਪਸ਼ੂ ਪਾਲਕ ਕਿਸਾਨਾਂ ਦੀ ਭਲਾਈ ਹਿਤ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਬਿਹਤਰ ਕਰਨ ਸਬੰਧੀ ਲਗਾਤਾਰ ਕਾਰਜਸ਼ੀਲ ਰਹੇ ਹਨ। ਇਸੇ ਸਿਲਸਿਲੇ ਵਿਚ ਉਨ੍ਹਾਂ ਨੇ ਪਸ਼ੂਧਨ ਉਤਪਾਦ, ਗੁਣਵੱਤਾ ਵਧਾਉਣ, ਪੈਕਿੰਗ ਅਤੇ ਮੰਡੀਕਾਰੀ ਵਿਚ ਜ਼ਿਕਰਯੋਗ ਕਾਰਜ ਕੀਤਾ ਹੈ। ਡਾ. ਚੈਟਲੀ ਹੁਣ ਤਕ ਬਤੌਰ ਮੁੱਖ ਨਿਰੀਖਕ ਜਾਂ ਸਹਿ-ਨਿਰੀਖਕ 27 ਖੋਜ ਪ੍ਰਾਜੈਕਟਾਂ ’ਤੇ ਕੰਮ ਕਰ ਚੁੱਕੇ ਹਨ ਜੋ ਕਿ ਨਾਮੀ ਕੌਮੀ ਸੰਸਥਾਵਾਂ ਵਲੋਂ ਦਿੱਤੇ ਗਏ ਸਨ। ਡਾ. ਚੈਟਲੀ ਨੇ ਉਤਪਾਦਾਂ ਦੀ ਗੁਣਵੱਤਾ ਵਧਾਉਂਦਿਆਂ ਦੁੱਧ, ਮੀਟ ਅਤੇ ਆਂਡਿਆਂ ’ਤੇ ਆਧਾਰਿਤ ਕਈ ਉਤਪਾਦ ਤਿਆਰ ਕੀਤੇ ਹਨ ਜਿਨ੍ਹਾਂ ਵਿਚ ਬਿਸਕੁਟ, ਆਂਡਿਆਂ ਦਾ ਜੈਮ, ਸਾਸ, ਚਟਨੀ, ਪੀਣ ਵਾਲੇ ਪਦਾਰਥ, ਪਨੀਰ ਅਤੇ ਆਂਡਿਆਂ ਦੇ ਨਗਟਸ ਆਦਿ ਪ੍ਰਮੁੱਖ ਹਨ। ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ।