ਲੁਧਿਆਣਾ: ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਅਤੇ ਜਾਣੇ-ਪਛਾਣੇ ਝੋਨਾ ਵਿਗਿਆਨੀ ਡਾ. ਗੁਰਜੀਤ ਸਿੰਘ ਮਾਂਗਟ ਨੂੰ ਨਵਾਂ ਅਪਰ ਨਿਰਦੇਸ਼ਕ ਖੋਜ (ਫ਼ਸਲ ਵਿਕਾਸ) ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡਾ. ਮਾਂਗਟ, ਡਾ. ਗੁਰਦੇਵ ਸਿੰਘ ਖੁਸ਼ ਜੈਨੇਟਿਕਸ ਪਲਾਂਟ ਬਰੀਡਿੰਗ ਅਤੇ ਬਾਇਓਟੈਕਨਾਲੋਜੀ ਸੰਸਥਾਨ ਦੇ ਨਿਰਦੇਸ਼ਕ ਦਾ ਕਾਰਜ ਭਾਰ ਵੀ ਸੰਭਾਲਣਗੇ। 25 ਸਾਲ ਲੰਮਾ ਤਜਰਬਾ ਰੱਖਣ ਵਾਲੇ ਡਾ. ਮਾਂਗਟ ਨੇ ਝੋਨੇ ਦੀਆਂ 29 ਕਿਸਮਾਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਜਾਰੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ ਟੀਮ ਨੇ ਘੱਟ ਮਿਆਦ ਅਤੇ ਘੱਟ ਪਰਾਲੀ ਵਾਲੀਆਂ ਝੋਨੇ ਦੀਆਂ ਕਿਸਮਾਂ ਪੈਦਾ ਕੀਤੀਆਂ ਜੋ ਅੱਜ ਪੰਜਾਬ ਵਿੱਚ 70 ਫ਼ੀਸਦ ਗੈਰ ਬਾਸਮਤੀ ਰਕਬੇ ਉਪਰ ਬੀਜੀਆਂ ਜਾਂਦੀਆਂ ਹਨ। -ਖੇਤਰੀ ਪ੍ਰਤੀਨਿਧ