ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 6 ਅਗਸਤ
ਪਿਛਲੇ ਕਰੀਬ ਇਕ ਹਫ਼ਤੇ ਤੋਂ ਇਲਾਕੇ ਦੇ ਪਿੰਡਾਂ ਅੰਦਰ ਮੂੰਹ-ਖੁਰ ਦੀ ਬਿਮਾਰੀ ਕਾਰਨ ਦਰਜਨਾਂ ਦੁਧਾਰੂ ਪਸ਼ੂਆਂ ਮੱਝਾਂ, ਗਾਵਾਂ ਦੀ ਮੌਤ ਹੋ ਚੁੱਕੀ ਹੈ। ਡੇਅਰੀ ਦਾ ਧੰਦਾ ਕਰ ਰਹੇ ਗੁਰਪ੍ਰੀਤ ਸਿੰਘ ਅਤੇ ਗਿਆਨਪ੍ਰੀਤ ਸਿੰਘ ਰੰਗੀ ਨੇ ਦੱਸਿਆ ਕਿ ਬੇਰ ਕਲਾਂ ਪਿੰਡ ਅੰਦਰ ਦਰਜਨਾਂ ਪਸ਼ੂਆਂ ਦੀਆਂ ਮੌਤਾਂ ਅਤੇ ਹਜ਼ਾਰਾਂ ਪਸ਼ੂ ਪ੍ਰਭਾਵਿਤ ਹੋਏ ਹਨ। ਅੱਜ ਛੇ ਹੋਰ ਪਸ਼ੂਆਂ ਦੀ ਮੌਤ ਹੋ ਗਈ। ਪਸ਼ੂਆਂ ਦੀ ਕੀਮਤ ਲਗਪਗ ਲੱਖਾਂ ਰੁਪਏ ਹੈ। ਜਿਹੜੇ ਪਸ਼ੂਆਂ ਦੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਵਿੱਚ ਕਾਫ਼ੀ ਹੱਦ ਤਕ ਡੇਅਰੀ ਦੀਆਂ ਗਾਵਾਂ ਨੂੰ ਮੂੰਹ ਖੁਰ ਦੀ ਬਿਮਾਰੀ ਚਿੰਬੜੀ ਹੈ। ਕਿਸਾਨਾਂ ਨੇ ਆਖਿਆ ਕਿ ਇਸ ਵਰ੍ਹੇ ਜ਼ਿਆਦਾ ਸਿੱਲੇ ਮੌਸਮ ਅਤੇ ਸਰਕਾਰ ਵੱਲੋਂ ਵੈਕਸੀਨ ਦੀ ਨੀਤੀ ਨੂੰ ਲੈ ਕੇ ਪਸ਼ੂ ਪਾਲਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਸੈਂਪਲ ਫੇਲ੍ਹ ਹੋਣ ਕਾਰਨ ਸਰਕਾਰ ਵੱਲੋਂ ਇਸ ਵਾਰ ਪਸ਼ੂਆਂ ਨੂੰ ਮੂੰਹ ਖੁਰ ਤੋਂ ਬਚਾਉਣ ਵਾਲੀ ਵੈਕਸੀਨ ਨਹੀਂ ਲੱਗੀ। ਇਸ ਮੌਕੇ ਡਿਪਟੀ ਡਾਇਰੈਕਟਰ ਪਰਮਦੀਪ ਸਿੰਘ ਵਾਲੀਆ ਨੇ ਮੰਨਿਆ ਕਿ ਹੁਣ ਤੱਕ ਕਰੀਬ 46 ਪਸ਼ੂਆਂ ਮੱਝਾਂ, ਗਾਵਾਂ ਦੀ ਮੌਤ ਹੋ ਚੁੱਕੀ ਹੈ। ਵਿਭਾਗ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਇਕੱਲੇ ਬੇਰ ਕਲਾਂ ਪਿੰਡ ਵਿੱਚ ਕਰੀਬ ਪੰਜ ਟੀਮਾਂ ਵੱਖ ਵੱਖ ਘਰਾਂ ਵਿੱਚ ਜਾ ਕੇ ਪਸ਼ੂਆਂ ਦੀ ਜਾਂਚ ਕਰ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਆਲੇ ਦੁਆਲੇ ਦੇ ਕਰੀਬ 14 ਪਿੰਡਾਂ ਦੇ ਪਸ਼ੂਆਂ ਨੂੰ ਬਿਮਾਰੀ ਫੈਲਣ ਤੋਂ ਰੋਕਣ ਲਈ ਤਿੰਨ ਟੀਮਾਂ ਰਿੰਗ ਵੈਕਸੀਨ ਲਗਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 500 ਪਸ਼ੂ ਠੀਕ ਹੋ ਚੁੱਕੇ ਹਨ ਤੇ 3900 ਪਸ਼ੂਆਂ ਨੂੰ ਰਿੰਗ ਵੈਕਸੀਨ ਲਗਾਈ ਜਾ ਚੁੱਕੀ ਹੈ। ਉਨ੍ਹਾਂ ਪਸ਼ੂ ਪਾਲਕਾਂ ਨੂੰ ਆਖਿਆ ਕਿ ਉਹ ਇਕ ਦੂਜੇ ਦੇ ਘਰਾਂ ’ਚ ਨਾ ਜਾਣ ਅਤੇ ਘਰਾਂ ਦੀ ਦਹਿਲੀਜ਼ ਉੱਤੇ ਚਿੱਟੀ ਕਲੀ ਪਾ ਕੇ ਰੱਖਣ। ਬਿਮਾਰੀ ਤੋਂ ਪੀੜਤ ਪਸ਼ੂਆਂ ਨੂੰ ਬਾਕੀ ਪਸ਼ੂਆਂ ਨਾਲੋਂ ਅਲੱਗ ਰੱਖਣ ਅਤੇ ਦਿਨ ’ਚ ਦੋ ਵਾਰ ਲਾਲ ਦਵਾਈ ਦੇ ਘੋਲ ਨਾਲ ਪਸ਼ੂਆਂ ਦੇ ਪੈਰਾਂ ਅਤੇ ਮੂੰਹ ਨੂੰ ਚੰਗੀ ਤਰ੍ਹਾਂ ਸਾਫ ਕਰਨ।
ਸੂਬਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਮਰੇ ਪਸ਼ੂ: ਗਿਆਸਪੁਰਾ
ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡਾਂ ਦਾ ਦੌਰਾ ਕਰਦਿਆਂ ਆਖਿਆ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੀ ਬਦੌਲਤ ਚਲਦਿਆਂ ਕਈ ਪਰਿਵਾਰਾਂ ਦੇ ਵੱਡੀ ਮਾਤਰਾ ’ਚ ਦੁੱਧ ਦੇਣ ਵਾਲੇ ਪਸ਼ੂ ਮਰ ਚੁੱਕੇ ਹਨ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ।