ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਅਕਤੂਬਰ
ਪਹਿਲਾਂ ਹੀ ਭੀੜ ਭੜੱਕੇ ਵਾਲੇ ਸ਼ਹਿਰ ਵਜੋਂ ਮਸ਼ਹੂਰ ਲੁਧਿਆਣਾ ਵਿੱਚ ਹੁਣ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਭੀੜ ਵਧਣੀ ਸ਼ੁਰੂ ਹੋ ਗਈ ਹੈ। ਅੱਜ ਐਤਵਾਰ ਛੁੱਟੀ ਵਾਲਾ ਦਿਨ ਹੋਣ ਕਰਕੇ ਸਾਰੇ ਹੀ ਬਾਜ਼ਾਰਾਂ ਵਿੱਚ ਪਹਿਲਾਂ ਦੇ ਮੁਕਾਬਲੇ ਕਈ ਗੁਣਾਂ ਵੱਧ ਭੀੜ ਦੇਖਣ ਨੂੰ ਮਿਲੀ। ਇਸ ਦੌਰਾਨ ਕਈ ਸੜਕਾਂ ’ਤੇ ਤਾਂ ਟ੍ਰੈਫਿਕ ਵੀ ਜਾਮ ਦੇਖਣ ਨੂੰ ਮਿਲਿਆ ਹੈ।
ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀ ਖ਼ਰੀਦਦਾਰੀ ਲੁਧਿਆਣਵੀ ਪੂਰੀ ਤਰ੍ਹਾਂ ਪੱਬਾਂ ਭਾਰ ਹੋਏ ਪਏ ਦਿਖਾਈ ਦੇ ਰਹੇ ਹਨ। ਪਿਛਲੇ ਦੋ ਸਾਲਾਂ ਦੌਰਾਨ ਕਰੋਨਾ ਮਹਾਂਮਾਰੀ ਦੇ ਝੰਬੇ ਲੋਕਾਂ ਵੱਲੋਂ ਇਸ ਵਾਰ ਦੀਵਾਲੀ ਨੂੰ ਉਤਸ਼ਾਹ ਨਾਲ ਮਨਾਉਣ ਦੀ ਸੰਭਾਵਨਾ ਹੈ। ਇਸ ਦਾ ਅੰਦਾਜ਼ਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਵਧੀਆਂ ਰੌਣਕਾਂ ਤੋਂ ਸਾਫ ਲਾਇਆ ਜਾ ਸਕਦਾ ਹੈ। ਲੁਧਿਆਣਾ ਦੇ ਚੌੜਾ ਬਾਜ਼ਾਰ, ਘੁਮਾਰ ਮੰਡੀ, ਫੀਲਡ ਗੰਜ, ਕਿਪਸ ਮਾਰਕੀਟ, ਜਵਾਹਰ ਨਗਰ ਕੈਂਪ, ਜਨਕ ਪੁਰੀ, ਸ਼ਿੰਗਾਰ ਸਿਨੇਮਾ ਰੋਡ, ਡਵੀਜ਼ਨ ਨੰਬਰ ਤਿੰਨ, ਸਰਾਫਾ ਬਾਜ਼ਾਰ, ਦਾਲ ਬਾਜ਼ਾਰ ਆਦਿ ਵਿਖੇ ਖ਼ਰੀਦਦਾਰਾਂ ਦੀਆਂ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਇੱਥੋਂ ਦੀ ਬਿਜਲੀ ਮਾਰਕੀਟ ਵੀ ਤਰ੍ਹਾਂ-ਤਰ੍ਹਾਂ ਦੀਆਂ ਰੌਸ਼ਨੀਆਂ ਨਾਲ ਗਾਹਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਇੱਥੇ ਰੱਖੀਆਂ ਬਹੁਤੀਆਂ ਲੜੀਆਂ ਚੀਨ ਤੋਂ ਬਣੀਆਂ ਹੋਈਆਂ ਦੱਸੀਆਂ ਜਾ ਰਹੀਆਂ ਹਨ। ਇਸ ਵਾਰ ਮਹਿੰਗਾਈ ਕਾਰਨ ਜਿੱਥੇ ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ਅਸਮਾਨੀ ਛੂਹ ਰਹੇ ਹਨ ਉੱਥੇ ਸਜਾਵਟੀ ਸਾਮਾਨ, ਬਿਜਲਈ ਲੜੀਆਂ ਆਦਿ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਕਈ ਗੁਣਾਂ ਮਹਿੰਗੀਆਂ ਮਿਲ ਰਹੀਆਂ ਹਨ।
ਚੌੜਾ ਬਾਜ਼ਾਰ ਜਿੱਥੋਂ ਪੈਦਲ ਲੰਘਣਾ ਵੀ ਮੁਸ਼ਕਲ ਲੱਗ ਰਿਹਾ ਸੀ, ਉੱਥੇ ਈ-ਰਿਕਸ਼ਾ ਵਾਲੇ ਇਸ ਮੁਸ਼ਕਲ ਵਿੱਚ ਹੋਰ ਵਾਧਾ ਕਰਦੇ ਨਜ਼ਰ ਆ ਰਹੇ ਸਨ। ਬਾਜ਼ਾਰਾਂ ਦੇ ਆਸ-ਪਾਸ ਦੀਆਂ ਸੜਕਾਂ ’ਤੇ ਵੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਸਥਾਨਕ ਮਾਤਾ ਰਾਣੀ ਚੌਕ, ਘੰਟਾ ਘਰ, ਪੁਰਾਣੀ ਸਬਜ਼ੀ ਮੰਡੀ, ਕਿਤਾਬ ਬਾਜ਼ਾਰ, ਭਾਰਤ ਨਗਰ ਚੌਕ, ਜਗਰਾਉਂ ਪੁਲ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੀ ਲੱਗੀਆਂ ਦੇਖੀਆਂ ਜਾ ਸਕਦੀਆਂ ਸਨ।