ਗਗਨਦੀਪ ਅਰੋੜਾ
ਲੁਧਿਆਣਾ, 21 ਅਕਤੂਬਰ
ਤਿਉਹਾਰੀ ਸੀਜ਼ਨ ਕਾਰਨ ਸ਼ਹਿਰ ਦੇ ਬਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ ਪਰ ਆਵਾਜਾਈ ਵਧਣ ਕਾਰਨ ਲੱਗਦੇ ਜਾਮ ਤੋਂ ਲੋਕ ਪ੍ਰੇਸ਼ਾਨ ਹਨ। ਸ਼ਹਿਰ ਦੇ ਹਰ ਬਾਜ਼ਾਰ ਵਿੱਚ ਲੱਗਦੇ ਜਾਮ ਕਾਰਨ ਲੋਕ ਔਖ ਮਹਿਸੂਸ ਕਰ ਰਹੇ ਹਨ। ਦਰਅਸਲ, ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਟਰੈਫਿਕ ਪੁਲੀਸ ਨੇ ਆਵਾਜਾਈ ਨਾਲ ਨਜਿੱਠਣ ਲਈ ਕੋਈ ਖਾਸ ਯੋਜਨਾ ਨਹੀਂ ਬਣਾਈ, ਜਿਸ ਕਾਰਨ ਆਪ-ਮੁਹਾਰੇ ਸੜਕਾਂ ’ਤੇ ਘੁੰਮਦੇ ਰੇਹੜੀ-ਫੜ੍ਹੀ ਵਾਲਿਆਂ ਅਤੇ ਆਟੋ ਤੇ ਈ-ਰਿਕਸ਼ਾ ਕਾਰਨ ਸਾਰਾ ਦਿਨ ਜਾਮ ਲੱਗਿਆ ਰਹਿੰਦਾ ਹੈ। ਲੋਕਾਂ ਨੂੰ ਹਰ ਸੜਕ ’ਤੇ ਲੰਘਣ ਲਈ ਪੰਦਰਾਂ ਮਿੰਟ ਤੋਂ ਲੈ ਕੇ ਅੱਧੇ ਘੰਟੇ ਤੱਕ ਉਡੀਕ ਕਰਨੀ ਪੈ ਰਹੀ ਹੈ। ਸ਼ਹਿਰ ’ਚ ਕਈ ਮੁੱਖ ਬਾਜ਼ਾਰਾਂ ਵਿੱਚ ਹਰ ਦੁਕਾਨ ਦੇ ਅੱਗੇ ਸਾਮਾਨ ਵੇਚਣ ਲਈ ਫੜ੍ਹੀਆਂ ਲੱਗੀਆਂ ਹੋਈਆਂ ਹਨ ਜਿਸ ਕਾਰਨ ਲਾਂਘੇ ਲਈ ਬਹੁਤ ਘੱਟ ਰਾਹ ਬਚਦਾ ਹੈ ਅਤੇ ਇਹੀ ਆਵਾਜਾਈ ਜਾਮ ਦਾ ਵੱਡਾ ਕਾਰਨ ਬਣ ਰਿਹਾ ਹੈ। ਸ਼ਹਿਰ ਵਿੱਚ ਹਰ ਸੜਕ ’ਤੇ ਆਵਜਾਈ ਦਾ ਬੁਰਾ ਹਾਲ ਹੈ। ਸਨਅਤੀ ਸ਼ਹਿਰ ਵਿੱਚ ਰਿਟੇਲ ਦੇ ਨਾਲ ਕਈ ਹੌਲਸੇਲ ਸਾਮਾਨ ਦੇ ਵੀ ਬਾਜ਼ਾਰ ਹਨ, ਜਿਥੇ ਵੱਡੀ ਗਿਣਤੀ ਵਿੱਚ ਲੋਕ ਖ਼ਰੀਦਦਾਰੀ ਕਰਨ ਲਈ ਆਉਂਦੇ ਹਨ। ਇਨ੍ਹਾਂ ਸਾਰੇ ਹੀ ਬਾਜ਼ਾਰਾਂ ਵਿੱਚ ਇਸ ਵੇਲੇ ਸਭ ਤੋਂ ਵੱਡੀ ਪ੍ਰੇਸ਼ਾਨੀ ਟਰੈਫਿਕ ਜਾਮ ਦੀ ਹੈ। ਸ਼ਹਿਰ ਦੇ ਚੌੜਾ ਬਾਜ਼ਾਰ, ਕਿਤਾਬ ਬਾਜ਼ਾਰ, ਬਿਜਲੀ ਮਾਰਕੀਟ, ਕੇਸਰਗੰਜ ਮੰਡੀ, ਫੀਲਡਗੰਜ, ਮਾਤਾ ਰਾਣੀ ਚੌਂਕ, ਲੋਕਲ ਅੱਡਾ, ਸੁਭਾਨੀ ਬਿਲਡਿੰਗ, ਜਗਰਾਉਂ ਪੁੱਲ, ਘੁਮਾਰ ਮੰਡੀ, ਬੀਆਰਐਸ ਨਗਰ, ਹੈਬੋਵਾਲ, ਗਿੱਲ ਰੋਡ, ਜਨਤਾ ਨਗਰ, ਸਮਰਾਲਾ ਚੌਂਕ, ਸ਼ਿੰਗਾਰ ਸਿਨੇਮਾ ਚੌਕ ਅਜਿਹੇ ਇਲਾਕੇ ਹਨ, ਜਿਥੇ ਲੋਕਾਂ ਨੂੰ ਕਾਫ਼ੀ ਸਮਾਂ ਟਰੈਫਿਕ ਜਾਮ ਵਿੱਚ ਖੜ੍ਹਣਾ ਪੈ ਰਿਹਾ ਹੈ।
‘ਖਰੀਦਦਾਰੀ ਕਾਰਨ ਸੜਕਾਂ ’ਤੇ ਭੀੜ ਵਧੀ’
ਜੁਆਇੰਟ ਪੁਲੀਸ ਕਮਿਸ਼ਨਰ ਟਰੈਫਿਕ ਗੁਰਦਿਆਲ ਸਿੰਘ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਕਾਰਨ ਲੋਕਾਂ ਨੂੰ ਥੋੜੀ ਮੁਸ਼ਕਲ ਹੋ ਰਹੀ ਹੈ। ਸ਼ਹਿਰ ਦੇ ਮੁੱਖ ਚੌਕਾਂ ਵਿੱਚ ਟਰੈਫਿਕ ਪੁਲੀਸ ਦੇ ਮੁਲਾਜ਼ਮ ਰਾਤ ਨੂੰ 10 ਵਜੇ ਤੱਕ ਵੀ ਡਿਊਟੀ ਦੇ ਰਹੇ ਹਨ। ਲੋਕ ਵੱਡੀ ਗਿਣਤੀ ਵਿੱਚ ਖਰੀਦਦਾਰੀ ਕਰਨ ਆ ਰਹੇ ਹਨ, ਇਸ ਲਈ ਸੜਕਾਂ ’ਤੇ ਭੀੜ ਹੈ। ਸਨਅਤੀ ਸ਼ਹਿਰ ਵਿੱਚ ਇਸ ਵੇਲੇ ਤਿਉਹਾਰੀ ਸੀਜ਼ਨ ਦੌਰਾਨ ਟਰੈਫਿਕ ਜਾਮ ਦਾ ਵੱਡਾ ਕਾਰਨ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜ ਵੀ ਹਨ। ਫਿਰੋਜ਼ਪੁਰ ਮਾਰਗ ’ਤੇ ਐਲੀਵੇਟਿਡ ਰੋਡ ਦੀ ਉਸਾਰੀ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਫਿਰੋਜ਼ਪੁਰ ਰੋਡ ਤੋਂ ਹੀ ਲੋਕ ਘੁਮਾਰ ਮੰਡੀ, ਸਰਾਭਾ ਨਗਰ ਤੇ ਹੋਰਨਾਂ ਇਲਾਕਿਆਂ ਵਿੱਚ ਜਾਂਦੇ ਹਨ। ਇੱਥੇ ਵਿਕਾਸ ਕਾਰਜਾਂ ਕਾਰਨ ਲੋਕ ਪਰੇਸ਼ਾਨ ਹਨ।