ਪੱਤਰ ਪ੍ਰੇਰਕ
ਜਗਰਾਉਂ,18 ਨਵੰਬਰ
ਪੁਲੀਸ ਨੇ ਪਿੰਡ ਮਾਜਰੀ ਵਿੱਚ ਇੱਕ ਦਿਵਿਆਂਗ ਨੌਜਵਾਨ ਨੂੰ ਉਸ ਦੇ ਨਜ਼ਦੀਕੀ ਦੋਸਤ ਵੱਲੋਂ ਹੀ ਮੋਬਾਈਲ ਚੋਰੀ ਕਰਨ ਦੇ ਸ਼ੱਕ ਵਿੱਚ ਕੁੱਟ-ਕੁੱਟ ਕਰ ਕੇ ਮਾਰ ਦੇਣ ਦਾ ਕੇਸ ਦਰਜ ਕੀਤਾ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇੰਸਪੈਕਟਰ ਜਤਿੰਦਰਪਾਲ ਸਿੰਘ ਅਤੇ ਮ੍ਰਿਤਕ ਨੌਜਵਾਨ ਦੇ ਭਰਾ ਭਾਗ ਸਿੰਘ ਨੇ ਦੱਸਿਆ ਕਿ 16 ਨਵੰਬਰ ਨੂੰ ਧੰਨਾ ਸਿੰਘ ਜੋ ਕਿ ਸਰੀਰ ਪੱਖੋਂ ਦਿਵਿਆਂਗ ਹੈ ਨੂੰ ਗੁਰਦੀਪ ਸਿੰਘ ਉਰਫ ਸੱਗੂ ਦੇਰ ਸ਼ਾਮ ਨੂੰ ਆਪਣੇ ਨਾਲ ਲੈ ਗਿਆ। ਜਦੋਂ ਕਾਫੀ ਸਮਾਂ ਧੰਨਾ ਘਰ ਨਾਂ ਪਹੁੰਚਿਆ ਤਾਂ ਉਸ ਦਾ ਭਰਾ ਗੁਰਦੀਪ ਸਿੰਘ ਦੇ ਘਰ ਦੇਖਣ ਚਲਾ ਗਿਆ। ਉਸ ਨੇ ਦੇਖਿਆ ਕਿ ਗੁਰਦੀਪ ਉਸ ਦੇ ਭਰਾ ਧੰਨੇ ਨੂੰ ਲੱਕੜ ਦੇ ਬਾਲੇ ਨਾਲ ਹੇਠਾਂ ਸੁੱਟ ਕੇ ਕੁੱਟ ਰਿਹਾ ਸੀ। ਗੁਰਦੀਪ ਤੋਂ ਭਾਗ ਸਿੰਘ ਨੇ ਜਦੋਂ ਧੰਨੇ ਨੂੰ ਛੁਡਾਇਆ ਤਾਂ ਉਸ ਨੇ ਦੱਸਿਆ ਕਿ ਗੁਰਦੀਪ ਨੂੰ ਸ਼ੱਕ ਹੈ ਕਿ ਉਸ ਦਾ ਮੋਬਾਈਲ ਧੰਨੇ ਨੇ ਚੋਰੀ ਕੀਤਾ ਹੈ । ਧੰਨਾ ਸਿੰਘ ਨੂੰ ਲੁਧਿਆਣੇ ਦੇ ਸਰਕਾਰੀ ਹਸਪਤਾਲ ਲਿਜਾਦਾ ਗਿਆ। ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਬੀਤੀ ਰਾਤ ਦਮ ਤੋੜ ਗਿਆ।