ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਅਗਸਤ
ਇਥੋਂ ਦੇ ਵਾਰਡ ਨੰਬਰ-1 ਰਹੌਣ ਦੇ ਵਸਨੀਕ ਪਿਛਲੇ ਲੰਬੇ ਸਮੇਂ ਤੋਂ ਸੁਸਰੀ ਤੋਂ ਪ੍ਰੇਸ਼ਾਨ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਅੱਜ ਪਿੰਡ ਵਾਸੀਆਂ ਨੇ ਕਿਸਾਨ ਮਜ਼ਦੂਰ ਏਕਤਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਆਸੀ ਜਥੇਬੰਦੀ ਦੇ ਸਮਰਥਨ ਦੇ ਕੇ ਵੇਅਰ ਹਾਊਸ ਗੁਦਾਮਾਂ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰਾਜਿੰਦਰ ਸਿੰਘ ਬੈਨੀਪਾਲ, ਬਲਵਿੰਦਰ ਸਿੰਘ ਸਿਹੌੜਾ ਅਤੇ ਇਕਬਾਲ ਸਿੰਘ ਚੰਨੀ ਨੇ ਕਿਹਾ ਕਿ ਜੇਕਰ ਪ੍ਰਸਾਸ਼ਨ ਨੇ ਸੁਸਰੀ ਦਾ ਕੋਈ ਪੱਕਾ ਹੱਲ ਨਾ ਕੀਤਾ ਤਾਂ ਵੱਡੇ ਪੱਧਰ ’ਤੇ ਇੱਕਠ ਕਰ ਕੇ ਜੀਟੀ ਰੋਡ ਜਾਮ ਕੀਤਾ ਜਾਵੇਗਾ। ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਇਹ ਗੁਦਾਮ ਰਿਹਾਇਸ਼ੀ ਇਲਾਕੇ ਵਿਚੋਂ ਬਾਹਰ ਨਹੀਂ ਕੱਢੇ ਜਾਂਦੇ। ਇਸ ਦੌਰਾਨ ਗੁਦਾਮਾਂ ਅੱਗੇ ਬੈਠੇ ਲੋਕਾਂ ਨੇ ਨਾ ਕਿਸੇ ਕਰਮਚਾਰੀ ਨੂੰ ਅੰਦਰ ਜਾਣ ਦਿੱਤਾ ਅਤੇ ਨਾ ਹੀ ਬਾਹਰ ਆਉਣ ਦਿੱਤਾ। ਸਵੇਰ ਤੋਂ ਚੱਲ ਰਹੇ ਧਰਨਾਕਾਰੀਆਂ ਨਾਲ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਗੱਲਬਾਤ ਨਹੀਂ ਕੀਤੀ। ਜਦੋਂ ਲੋਕਾਂ ਨੇ ਸਮਰਾਲਾ ਰੋਡ ਜਾਮ ਕਰਨ ਦਾ ਐਲਾਨ ਕੀਤਾ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਲੋਕਾਂ ਦੇ ਰੋਹ ਨੂੰ ਦੇਖਦਿਆਂ ਬੀਡੀਪੀਓ ਸਰਬਜੀਤ ਕੌਰ ਅਤੇ ਐੱਸਐੱਚਓ ਕੁਲਜਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ, ਜਿਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਦੋ ਦਿਨਾਂ ਵਿੱਚ ਸੁਸਰੀ ਦਾ ਪੱਕਾ ਹੱਲ ਕੀਤਾ ਜਾਵੇਗਾ। ਇਸ ਮੌਕੇ ਕਸ਼ਮੀਰਾ ਸਿੰਘ, ਅਵਤਾਰ ਸਿੰਘ, ਰਛਪਾਲ ਸਿੰਘ, ਹਰਮਿੰਦਰ ਸਿੰਘ, ਗੁਰਮੇਲ ਸਿੰਘ, ਕੁਲਵਿੰਦਰ ਸਿੰਘ, ਹਰਪਾਲ ਸਿੰਘ, ਦਵਿੰਦਰ ਸਿੰਘ, ਨਿਰਮਲ ਸਿੰਘ, ਰਾਜਵੀਰ ਸਿੰਘ, ਜਤਿੰਦਰ ਸਿੰਘ, ਅਮਰੀਕ ਸਿੰਘ, ਚਰਨ ਸਿੰਘ ਭੱਟੀ, ਜਗਦੇਵ ਸਿੰਘ ਆਦਿ ਹਾਜ਼ਰ ਸਨ।