ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਸਤੰਬਰ
ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਜਨਰਲ ਬਾਡੀ ਮੀਟਿੰਗ ਕਾਮਰੇਡ ਡੀਪੀ ਮੌੜ ਸਕੱਤਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਕਾਮਰੇਡ ਬੰਤ ਸਿੰਘ ਬਰਾੜ ਸੂਬਾ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਵਿੱਚ ਸਰਕਾਰੀ ਜਾਇਦਾਦ ਨੂੰ ਕਾਰਪੋਰੇਟ ਖੇਤਰ ਨੂੰ ਕੌਡੀਆਂ ਭਾਅ ਵੇਚਣ ਦੀ ਸਾਜ਼ਿਸ਼ ਆਉਣ ਵਾਲੇ ਸਮੇਂ ਲਈ ਖ਼ਤਰੇ ਦੀ ਘੰਟੀ ਹੈ ਜਿਸ ਨੂੰ ਪਾਰਟੀ ਕਿਸੇ ਵੀ ਕੀਮਤ ਤੇ ਸਫ਼ਲ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਸੂਬਿਆਂ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਹਰ ਖੇਤਰ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਮੋਦੀ ਸਰਕਾਰ ਫ਼ਿਰਕੂ ਜ਼ਹਿਰ ਉਗਲਣ ਤੇ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਪੈਟਰੋਲ, ਡੀਜ਼ਲ, ਗੈਸ ਤੇ ਖਾਣ ਵਾਲੇ ਤੇਲ ਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਜਿਸ ਕਰ ਕੇ ਆਮ ਆਦਮੀ ਖਾਣ ਪੀਣ ਤੋਂ ਵੀ ਵਾਂਝਾ ਹੋ ਗਿਆ ਹੈ। ਜ਼ਿਲ੍ਹਾ ਸਕੱਤਰ ਕਾਮਰੇਡ ਡੀਪੀ ਮੌੜ ਨੇ ਪਿਛਲੀ ਕਾਰਗੁਜ਼ਾਰੀ ਦੀ ਇੱਕ ਰਿਪੋਰਟ ਪੇਸ਼ ਕਰਦਿਆਂ ਕਾਮਰੇਡ ਬਰਾੜ ਨੂੰ ਵਿਸ਼ਵਾਸ਼ ਦਿਵਾਇਆ ਕਿ ਜ਼ਿਲ੍ਹਾ ਇਕਾਈ ਸੂਬਾ ਪਾਰਟੀ ਦੇ ਫ਼ੈਸਲੇ ਮੁਤਾਬਿਕ ਕੰਮ ਕਰਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਵਾਹ ਲਗਾਏਗੀ। ਇਸ ਮੌਕੇ ਚਰਨ ਸਿੰਘ ਸਰਾਭਾ, ਰਮੇਸ਼ ਰਤਨ ਅਤੇ ਭਗਵਾਨ ਸਿੰਘ ਨੇ ਕਿਹਾ ਕਿ ਦੇਸ਼ ਦੀ ਵਿਦੇਸ਼ ਨੀਤੀ ਬਿਲਕੁਲ ਫੇਲ੍ਹ ਹੋ ਚੁੱਕੀ ਹੈ। ਅਮਨ ਸ਼ਾਂਤੀ ਦੀ ਗੱਲ ਕਰਨ ਦੀ ਬਜਾਏ ਭਾਰਤ ਹੁਣ ਧੜਾਧੜ ਹਥਿਆਰ ਬਣਾਉਣ ਦੇ ਕਾਰਖਾਨੇ ਲਗਾ ਕੇ ਹਥਿਆਰ ਵੇਚਣ ਵੱਲ ਤੁਰ ਪਿਆ ਹੈ। ਸਹਾਇਕ ਸਕੱਤਰ ਕਾਮਰੇਡ ਚਮਕੌਰ ਸਿੰਘ ਨੇ ਕਿਸਾਨ ਅੰਦੋਲਨ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ 27 ਸਤੰਬਰ ਦੇ ਭਾਰਤ ਬੰਦ ਦੀ ਹਮਾਇਤ ਦਾ ਐਲਾਨ ਵੀ ਕੀਤਾ।