ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਅਪਰੈਲ
ਪੀ.ਏ.ਯੂ. ਵੱਲੋਂ ਲਾਏ ਗਏ ਕਿਸਾਨ ਮੇਲੇ ਦੇ ਦੂਸਰੇ ਦਿਨ ਅੱਜ ਮਾਹਿਰਾਂ ਦੇ ਵੱਖ-ਵੱਖ ਖੇਤੀ ਵਿਸ਼ਿਆਂ ਬਾਰੇ ਵਿਚਾਰ-ਚਰਚਾ ਸੈਸ਼ਨ ਹੋਏ। ਮੇਲੇ ਦੇ ਸਮਾਪਤੀ ਸੈਸ਼ਨ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਡਾ. ਮਾਹਲ ਨੇ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਵਰਚੁਅਲ ਕਿਸਾਨ ਮੇਲੇ ਦਾ ਹਿੱਸਾ ਬਣਨ ’ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਸ ਮੇਲੇ ਦੀ ਸਫਲਤਾ ਨੇ ਇੱਕ ਵਾਰ ਫਿਰ ਪੀ.ਏ.ਯੂ. ਅਤੇ ਕਿਸਾਨਾਂ ਦੇ ਨੇੜਲੇ ਸਬੰਧਾਂ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਦੌਰਾਨ ਚਲੰਤ ਖੇਤੀ ਮਸਲਿਆਂ ਬਾਰੇ ਮਾਹਿਰਾਂ ਨੇ ਨਾ ਸਿਰਫ ਨਵੇਂ ਨੁਕਤੇ ਹੀ ਕਿਸਾਨਾਂ ਨੂੰ ਦੱਸੇ ਬਲਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਡਾ. ਅਜਮੇਰ ਸਿੰਘ ਢੱਟ, ਡਾ. ਕੇ ਐੱਸ ਥਿੰਦ, ਡਾ. ਐੱਸ ਕੇ ਸੰਧੂ, ਡਾ. ਚਮਨ ਲਾਲ ਵਸ਼ਿਸ਼ਟ ਅਤੇ ਕਿਸਾਨ ਬਲਦੇਵ ਸਿੰਘ ਬਾਜਕ ਵੀ ਸ਼ਾਮਲ ਹੋਏ। ਦੂਜਾ ਸੈਸ਼ਨ ਕੁਦਰਤੀ ਸਰੋਤ ਪ੍ਰਬੰਧਨ ਵਿਸ਼ੇਸ਼ ਕਰਕੇ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਬਾਬਤ ਸੀ। ਤੀਸਰੇ ਸੈਸ਼ਨ ਵਿੱਚ ਪ੍ਰੋਸੈਸਿੰਗ, ਮੁੱਲ ਵਾਧੇ ਅਤੇ ਕਿਸਾਨ ਨਿਰਮਾਤਾ ਸੰਗਠਨਾਂ ਦੀ ਨਿਰਮਾਰਣਕਾਰੀ ਬਾਰੇ ਵਿਚਾਰ-ਚਰਚਾ ਹੋਈ। ਸਮਾਪਤੀ ਸੈਸ਼ਨ ਵਿੱਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਮੇਲੇ ਦੀ ਸਫਲਤਾ ਲਈ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਬਾਖੂਬੀ ਕੀਤਾ।