ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 2 ਮਈ
ਪੱਤਰਕਾਰ,ਫਿਲਮੀ ਡਾਇਰੈਕਟਰ ਅਤੇ ਲੇਖਕ ਜਸਵਿੰਦਰ ਸਿੰਘ ਛਿੰਦਾ ਦੇ ਪਲੇਠੇ ਨਾਵਲ ‘ਹਵਾਲਾਤ’ ਤੇ ਰੱਖਿਆ ਇੱਥੇ ਮੈਹਦੇਆਣਾ ਸਾਹਿਬ ਵਿੱਚ ਗੋਸ਼ਟੀ ਸਮਾਗਮ ਪ੍ਰਭਾਵਸ਼ਾਲੀ ਤੇ ਯਾਦਗਾਰੀ ਰਿਹਾ । ਸਮਾਗਮ ’ਚ ਪ੍ਰਸਿੱਧ ਫ਼ਿਲਮੀ ਡਾਇਰੈਕਟਰ ਜਨਜੋਤ ਸਿੰਘ (ਚੱਲ ਮੇਰਾ ਪੁੱਤ) ਮੁੱਖ ਮਹਿਮਾਨ ਵਜੋਂ ਪੁੱਜੇ,ਪ੍ਰਧਾਨਗੀ ਨਾਵਲਕਾਰ ਮਿੱਤਰ ਸੈਨ ਮੀਤ ਅਤੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਤੇ ਪ੍ਰੋ. ਰਮਨਪ੍ਰੀਤ ਕੌਰ ਚੌਹਾਨ ਨੇ ਪੇਪਰ ਰੀਡਰ ਵਜੋਂ ਸਮੂਲੀਅਤ ਕੀਤੀ । ਸ੍ਰੋਮਣੀ ਗੀਤਕਾਰ ਅਮਰੀਕ ਤਲਵੰਡੀ, ਫ਼ਿਲਮੀ ਅਦਾਕਾਰ ਨਰਿੰਦਰਪਾਲ ਸਿੰਘ ਨੀਨਾ, ਅੰਮ੍ਰਿਤਪਾਲ ਸਿੰਘ, ਸ਼ਾਇਰ ਅਮਰ ਸੂਫ਼ੀ, ਪ੍ਰਿੰ. ਡਾ. ਗੁਰਮੀਤ ਸਿੰਘ (ਨੈਸ਼ਨਲ ਐਵਾਰਡੀ), ਪ੍ਰੋ. ਗੁਰਦੇਵ ਸਿੰਘ ਸੰਦੌੜ, ਪ੍ਰਿੰ. ਬਲਵੰਤ ਸਿੰਘ ਸੰਧੂ ਖਾਸ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸ਼ੁਰੂਆਤ ਮੌਕੇ ਪੇਪਰ ਪੜ੍ਹਦਿਆਂ ਡਾ. ਸਵਰਾਜ ਸਿੰਘ ਨੇ ਇਸ ਨਾਵਲ ‘ਹਵਾਲਾਤ’ ਨੂੰ ਸ੍ਰੀ ਗੁਰੂ ਨਾਨਕ ਦੇ ਸਿੱਖ ਫ਼ਲਸਫੇ ਦਾ ਸੁਨੇਹਾ ਦੱਸਿਆ। ਇਸ ਮੌਕੇ ਪ੍ਰੋ. ਰਮਨਪ੍ਰੀਤ ਕੌਰ ਚੌਹਾਨ, ਨਾਵਲਕਾਰ ਮਿੱਤਰ ਸੈਨ ਮੀਤ ਨੇ ਨਾਵਲ ਬਾਰੇ ਚਾਨਣਾ ਪਾਇਆ। ਅਮਰੀਕ ਤਲਵੰਡੀ ਨੇ ਕਿਹਾ ਕੇ ਜਸਵਿੰਦਰ ਸਿੰਘ ਛਿੰਦਾ ਨੇ ਨਾਵਲ ਅੰਦਰ ਪਾਤਰਾਂ ਦੀ ਉਸਾਰੀ ਬਾਖੂਬ ਕੀਤੀ ਹੈ । ਪ੍ਰਿੰ. ਡਾ. ਗੁਰਮੀਤ ਸਿੰਘ ਨੇ ਕਿਹਾ ਕੇ ਉਹ ਇਸ ਨਾਵਲ ਦਾ ਹਿੰਦੀ ਅਨੁਵਦ ਜਲਦੀ ਹੀ ਕਰਨਗੇ। ਪ੍ਰੋ. ਗੁਰਦੇਵ ਸਿੰਘ ਸੰਦੌੜ ਨੇ ਕਿਹਾ ਕੇ ਨਾਵਲ ਹਵਾਲਾਤ ਵਿਚ ਅਨੇਕਾਂ ਕਹਾਣੀਆਂ ਹਨ ਜੋ ਵੱਖ ਵੱਖ ਪਾਤਰਾਂ ਦੇ ਦਰਦ ਨੁੰ ਬਿਆਨ ਕਰਦੀਆਂ ਹਨ। ਅਦਾਕਾਰ ਨਰਿੰਦਰਪਾਲ ਸਿੰਘ ਨੀਨਾ ਨੇ ਇਸ ਮੌਕੇ ਸੰਬੋਧਨ ਕੀਤਾ। ਨਾਵਲ ਦੇ ਦੂਜੇ ਐਡੀਸ਼ਨ ਨੂੰ ਰਿਲੀਜ਼ ਕਰਦਿਆਂ ਫ਼ਿਲਮੀ ਡਾਇਰੈਕਟਰ ਮੁੱਖ ਮਹਿਮਾਨ ਜਨਜੋਤ ਸਿੰਘ ਨੇ ਕਿਹਾ ਕੇ ਉਸ ਨੇ ਜਸਵਿੰਦਰ ਸਿੰਘ ਛਿੰਦਾ ਨਾਲ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ। ਆਖ਼ਿਰ ’ਚ ਭਾਈ ਕੁਲਵੰਤ ਸਿੰਘ ਲੱਖਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਚਲਾਈ ।