ਡੀਪੀਐੱਸ ਬਤਰਾ
ਸਮਰਾਲਾ, 29 ਅਗਸਤ
ਹਰਿਆਣਾ ਵਿੱਚ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਦੋ ਘੰਟੇ ਲਈ ਲੁਧਿਆਣਾ ਤੋਂ ਚੰਡੀਗੜ੍ਹ ਅਤੇ ਰੋਪੜ ਜਾਂਦੀਆਂ ਦੋਨਾਂ ਸੜਕਾਂ ’ਤੇ ਨੀਲੋ ਕੋਲ 2 ਘੰਟੇ ਲਈ ਮੁਕੰਮਲ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਧਰਨੇ ਲਾ ਕੇ ਆਵਾਜਾਈ ਰੋਕੀ ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਿਥੇ ਨੀਲੋਂ ਪੁਲ ’ਤੇ ਧਰਨਾ ਲੱਗਿਆ, ਉਥੇ ਹੀ ਘੁਲਾਲ ਟੌਲ ਪਲਾਜ਼ਾ ਵਿੱਚ ਕਿਸਾਨਾਂ ਨੇ ਧਰਨੇ ਲਾ ਕੇ ਦੋ ਘੰਟੇ ਆਵਾਜਾਈ ਠੱਪ ਕੀਤੀ। ਸਰਹਿੰਦ ਨਹਿਰ ਦੇ ਨੀਲੋਂ ਪੁਲ ’ਤੇ ਇਸ ਧਰਨੇ ਦੀ ਅਗਵਾਈ ਕਰਦੇ ਹੋਏ ਬੀ.ਕੇ.ਯੂ. ਏਕਤਾ (ਸਿੱਧੂਪੁਰ) ਦੇ ਕਾਰਜਕਾਰੀ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਅਤੇ ਉੱਤਮ ਸਿੰਘ ਬਰਵਾਲੀ ਨੇ ਆਖਿਆ ਕਿ ਮੋਦੀ ਸਰਕਾਰ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਭੜਕਾਉਣ ਦੀ ਸਾਜਿਸ਼ਾਂ ਨੂੰ ਤੁਰੰਤ ਬੰਦ ਕਰ ਦੇਵੇ। ਇਨ੍ਹਾਂ ਆਗੂਆਂ ਨੇ ਹਰਿਆਣਾ ਵਿੱਚ ਸ਼ਾਂਤਮਈ ਢੰਗ ਨਾਲ ਕਾਲੀਆਂ ਝੰਡੀਆਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਨੂੰ ਅੰਨੇਵਾਹ ਕੁੱਟ-ਕੁੱਟ ਜ਼ਖਮੀ ਕਰਨ ਦੀ ਘਟਨਾ ਨੂੰ ਦੇਸ਼ ’ਤੇ ਕਲੰਕ ਅਤੇ ਲੋਕਤੰਤਰ ਨੂੰ ਖੱਤਰਾ ਦੱਸਿਆ।