ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਫਰਵਰੀ
ਸਨਅਤੀ ਸ਼ਹਿਰ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਦੀ ਚਾਦਰ ਵਿੱਛੀ ਹੋਣ ਕਰ ਕੇ ਆਵਾਜਾਈ ਪ੍ਰਭਾਵਿਤ ਹੋਈ। ਇਹ ਧੁੰਦ ਇੰਨੀਂ ਸੰਘਣੀ ਸੀ ਕਿ ਵਾਹਨ ਚਾਲਕਾਂ ਨੂੰ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਤੱਕ ਜਗਾਉਣੀਆਂ ਪੈ ਗਈਆਂ।
ਸ਼ਨਿੱਚਰਵਾਰ ਤਿੱਖੀ ਧੁੱਪ ਤੋਂ ਬਾਅਦ ਐਤਵਾਰ ਤੜਕੇ ਤੋਂ ਹੀ ਧੁੰਦ ਵਧਣੀ ਸ਼ੁਰੂ ਹੋ ਗਈ ਜੋ ਦਿਨ ਚੜ੍ਹੇ ਤੱਕ ਜਿਉਂ ਦੀ ਤਿਉਂ ਬਰਕਰਾਰ ਰਹੀ। ਸ਼ਹਿਰੀ ਇਲਾਕਿਆਂ ਦੇ ਮੁਕਾਬਲੇ ਇਹ ਧੁੰਦ ਲੁਧਿਆਣਾ-ਚੰਡੀਗੜ੍ਹ ਰੋਡ, ਲੁਧਿਆਣਾ-ਫ਼ਿਰੋਜ਼ਪੁਰ ਰੋਡ, ਲੁਧਿਆਣਾ-ਜਲੰਧਰ ਰੋਡ, ਲੁਧਿਆਣਾ-ਦਿੱਲੀ ਰੋਡ ਆਦਿ ਮੁੱਖ ਸੜਕਾਂ ਨਾਲ ਲਗਦੇ ਇਲਾਕਿਆਂ ਵਿੱਚ ਹੋਰ ਵੀ ਵੱਧ ਦੇਖਣ ਨੂੰ ਮਿਲੀ। ਇਸ ਧੁੰਦ ਕਾਰਨ ਮੁੱਖ ਸੜਕਾਂ ’ਤੇ ਵੱਡੀਆਂ ਗੱਡੀਆਂ ਕੀੜੀ ਦੀ ਚਾਲ ਚੱਲ ਰਹੀਆਂ ਸਨ। ਅੱਗੇ ਕੁੱਝ ਦਿਖਾਈ ਨਾ ਦਿੰਦਾ ਹੋਣ ਕਰ ਕੇ ਵਾਹਨ ਚਾਲਕਾਂ ਨੂੰ ਆਪਣੀਆਂ ਗੱਡੀਆਂ ਦੀਆਂ ਬੱਤੀਆਂ ਤੱਕ ਜਗਾਉਣੀਆਂ ਪੈ ਗਈਆਂ। ਅੱਜ ਦੀ ਸੰਘਣੀ ਧੁੰਦ ਅਤੇ ਬਰਫੀਲੀ ਹਵਾ ਕਾਰਨ ਦੋ ਪਹੀਆ ਚਾਲਕਾਂ ਨੂੰ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੁਪਹਿਰ ਬਾਅਦ ਭਾਵੇਂ ਤਿੱਖੀ ਧੁੱਪ ਨਿਕਲੀ ਪਰ ਸ਼ਾਮ ਹੁੰਦੇ ਫਿਰ ਹਲਕੀ ਬੱਦਲਵਾਈ ਕਾਰਨ ਠੰਢ ਵਧਣੀ ਸ਼ੁਰੂ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਇਸ ਸਾਲ ਪਈ ਹੱਡ ਚੀਰਵੀਂ ਠੰਢ ਨੇ ‘ਆਈ ਬਸੰਤ ਪਾਲਾ ਉਡੰਤ’ ਦੀ ਕਹਾਵਤ ਨੂੰ ਵੀ ਲੱਗਦਾ ਝੁਠਲਾ ਦਿੱਤਾ ਹੈ।