ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਦਸੰਬਰ
ਸਨਅਤੀ ਸ਼ਹਿਰ ਵਿੱਚ ਵੀਰਵਾਰ ਤੋਂ ਧੁੰਦ ਦਾ ਕਹਿਰ ਸ਼ੁਰੂ ਹੋ ਗਿਆ ਹੈ। ਇਸ ਦੇ ਚੱਲਦੇ ਠੰਢ ਵਿੱਚ ਵੀ ਵਾਧਾ ਹੋਇਆ ਹੈ। ਸ਼ਹਿਰ ਵਿੱਚ ਅੱਜ ਸਵੇਰ ਤੋਂ ਹੀ ਸੰਘਣੀ ਧੁੰਦ ਸੀ, ਇਸ ਕਾਰਨ 10 ਵਜੇ ਤੱਕ ਵੀ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਵੀ ਵਿਜ਼ੀਬਿਲਟੀ ਜ਼ੀਰੋ ਰਹੀ। ਚਾਰੇ ਪਾਸੇ ਧੁੰਦ ਹੀ ਧੁੰਦ ਨਜ਼ਰ ਆ ਰਹੀ ਸੀ। ਇਸ ਕਾਰਨ ਸੜਕਾਂ ’ਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾਇਆ। ਲੁਧਿਆਣਾ ’ਚ ਖਾਸ ਕਰਕੇ ਹਾਈਵੇਅ ’ਤੇ ਬਹੁਤ ਬੁਰਾ ਹਾਲ ਸੀ। ਅੱਜ ਸਵੇਰੇ ਠੰਢ ਜ਼ਿਆਦਾ ਵੱਧੀ, ਜਿਸ ਕਾਰਨ ਲੋਕ ਠੁਰ-ਠੁਰ ਕਰਦੇ ਨਜ਼ਰ ਆਏ। ਸਵੇਰੇ 7 ਵਜੇ ਪਾਰਾ 5 ਡਿਗਰੀ ਸੈਲਸੀਅਰ ਰਿਹਾ। ਭਾਰੀ ਠੰਢ ਕਾਰਨ ਦੋ-ਪਹੀਆ ਵਾਹਨ ਚਾਲਕਾਂ ਦਾ ਬੁਰਾ ਹਾਲ ਸੀ। ਦਸਤਾਨੇ ਪਾ ਕੇ ਵੀ ਹੱਥ ਠਰ-ਠੁਰ ਕਰ ਰਹੇ ਸਨ।
ਪੀਏਯੂ ਦੇ ਮੌਸਮ ਵਿਭਾਗ ਦੀ ਹੈੱਡ ਡਾ. ਪ੍ਰਭਜੋਤ ਕੌਰ ਸਿੱਧੂ ਨੇ ਕਿਹਾ ਕਿ ਤਿੰਨ ਦਿਨ ਬੱਦਲ ਛਾਏ ਰਹਿਣਗੇ, ਇਸ ਦੇ ਨਾਲ ਹੀ ਹਲਕਾ ਮੀਂਹ ਵੀ ਪੈ ਸਕਦਾ ਹੈ। ਉਧਰ, ਇੱਕ ਹਫ਼ਤੇ ਤੱਕ ਸ਼ੀਤ ਲਹਿਰ ਦਾ ਕਹਿਰ ਹੋਰ ਵਧੇਗਾ। 20 ਦਸੰਬਰ ਤੱਕ ਸ਼ੀਤ ਲਹਿਰ ਚੱਲਣ ਕਾਰਨ ਦਿਨ ਤੇ ਰਾਤ ਨੂੰ ਤਾਪਮਾਨ ਹੋਰ ਡਿੱਗੇਗਾ।
ਧੁੰਦ ਕਾਰਨ ਕਈ ਰੇਲ ਗੱਡੀਆਂ ਹੋਈਆਂ ਲੇਟ
ਧੁੰਦ ਕਾਰਨ ਰੇਲ ਗੱਡੀਆਂ ’ਤੇ ਵੀ ਖਾਸਾ ਅਸਰ ਪਿਆ ਹੈ। ਵੀਰਵਾਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਆਉਣ ਵਾਲੀਆਂ ਰੇਲ ਗੱਡੀਆਂ ਲੇਟ ਹੋਈਆਂ। ਰੇਲਵੇ ਦੇ ਮੁਤਾਬਕ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੇ ਸੁਪਰਫਾਸਟ ਐਕਸਪ੍ਰੈਸ 2 ਘੰਟੇ ਦੇਰੀ ਨਾਲ, ਜੰਮੂ ਤਵੀ ਤੋਂ ਹਰਿਆਣਾ ਜਾਣ ਵਾਲੀ ਬੇਗਮਪੁਰਾ ਐਕਸਪ੍ਰੈਸ ਇੱਕ ਘੰਟਾ, ਫਿਰੋਜ਼ਪੁਰ ਤੋਂ ਚੱਲਣ ਵਾਲੀ ਡੀਐੱਮਯੂ ਰੱਦ ਕਰ ਦਿੱਤੀ ਗਈ, ਅੰਮ੍ਰਿਤਸਰ ਤੋਂ ਗੋਰਖਪੁਰ ਜਾਣ ਵਾਲੀ ਰੇਲ ਗੱਡੀ ਇੱਕ ਘੰਟਾ ਦੇਰ ਨਾਲ ਪੁੱਜੀ। ਇਸ ਤੋਂ ਇਲਾਵਾ ਹੋਰ ਵੀ ਕਈ ਰੇਲ ਗੱਡੀਆਂ ਧੁੰਦ ਦੇ ਚਲਦੇ ਇੱਕ ਤੋਂ ਦੋ ਘੰਟੇ ਦੇਰੀ ਨਾਲ ਰੇਲਵੇ ਸਟੇਸ਼ਨ ’ਤੇ ਪੁੱਜੀਆਂ।