ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਅਪਰੈਲ
ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨੀਅਨ ਦੀ ਅਗਵਾਈ ਹੇਠ ਈਡਬਲਯੂਐੱਸ ਕਲੋਨੀ ਵਾਸੀਆਂ ਨੇ ਅੱਜ ਪੀਣ ਵਾਲੇ ਪਾਣੀ ਦੀ ਕਿੱਲਤ ਵਿਰੁੱਧ ਨਗਰ ਨਿਗਮ ਜ਼ੋਨ-ਬੀ ਦੇ ਦਫ਼ਤਰ ਬਾਹਰ ਰੋਸ-ਮੁਜ਼ਾਹਰਾ ਕੀਤਾ ਅਤੇ ਇਲਾਕੇ ਵਿੱਚ ਪੈਦਲ ਮਾਰਚ ਕਰਦਿਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਕਲੋਨੀ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕਲੋਨੀ ਵਿੱਚ ਪਾਣੀ ਦੀ ਸਪਲਾਈ ਬੰਦ ਹੈ ਅਤੇ ਰੋਜ਼ਾਨਾ ਵਰਤੋਂ ਲਈ ਉਨ੍ਹਾਂ ਨੂੰ ਨੇੜਲੇ ਮੁਹੱਲਿਆਂ ਵਿੱਚੋਂ ਪਾਣੀ ਮੰਗ ਕੇ ਲਿਆਉਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਇਸ ਕਲੋਨੀ ਵਿੱਚ ਮਜ਼ਦੂਰਾਂ-ਕਿਰਤੀਆਂ ਦੀ ਅਬਾਦੀ ਵੱਸਦੀ ਹੈ ਜੋ ਰੋਜ਼ਾਨਾ ਦਿਹਾੜੀ-ਮਜ਼ਦੂਰੀ ਕਰ ਕੇ ਗੁਜ਼ਾਰਾ ਚਲਾਉਂਦੇ ਹਨ। ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਲੋਨੀ ਦੇ ਲੋਕ ਇਲਾਕੇ ਦੇ ਕੌਂਸਲਰ ਤੋਂ ਲੈ ਕੇ ਨਗਰ ਨਿਗਮ ਦਫ਼ਤਰ ਤੱਕ ਗੇੜੇ ਮਾਰ ਕੇ ਥੱਕ ਗਏ ਹਨ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ। ਗਰੀਬ ਅਬਾਦੀ ਹੋਣ ਕਾਰਨ ਸਰਕਾਰ ਅਤੇ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਇਲਾਕੇ ਵੱਲ ਕੋਈ ਧਿਆਨ ਨਹੀਂ ਹੈ।
ਇਸ ਦੌਰਾਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਗਰ ਨਿਗਮ ਅਧਿਕਾਰੀਆਂ ਨੇ ਮੌਕੇ ’ਤੇ ਪਾਣੀ ਵਾਲ਼ੇ ਕੈਂਟਰ ਭੇਜ ਕੇ ਲੋਕਾਂ ਦਾ ਰੋਹ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਕੋਈ ਸਥਾਈ ਹੱਲ ਨਹੀਂ। ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਨਗਰ ਨਿਗਮ ਲੋਕਾਂ ਦੇ ਇਸ ਮਸਲੇ ਨੂੰ ਗੰਭੀਰਤਾ ਨਾਲ਼ ਲੈ ਕੇ ਪਾਣੀ ਦੀ ਕਿੱਲਤ ਦੂਰ ਕਰੇ ਨਹੀਂ ਤਾਂ ਆਉਣ ਵਾਲ਼ੇ ਸਮੇਂ ਵਿੱਚ ਵੱਡੇ ਪੱਧਰ ’ਤੇ ਲਾਮਬੰਦੀ ਕੀਤੀ ਜਾਵੇਗੀ ਤੇ ਮਸਲਾ ਹੱਲ ਹੋਣ ਤੱਕ ਸੰਘਰਸ਼ ਤਿੱਖਾ ਕੀਤਾ ਜਾਵੇਗਾ।