ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਅਗਸਤ
ਇੱਥੇ ਅੱਜ ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਸੁਖਪ੍ਰੀਤ ਸਿੰਘ ਦੀ ਅਗਵਾਈ ਹੇਠ ਮੰਗਾਂ ਮਨਵਾਉਣ ਲਈ ਸਰਕਲ ਖੰਨਾ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ।
ਇਸ ਮੌਕੇ ਇਕਬਾਲ ਸਿੰਘ, ਅਵਤਾਰ ਸਿੰਘ ਅਤੇ ਜਗਵਿੰਦਰ ਸਿੰਘ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਿੱਜੀਕਰਨ, ਸੰਸਾਰੀਕਰਨ, ਉਦਾਰੀਕਰਨ ਦੀ ਨੀਤੀ ਤਹਿਤ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਕੋਲ ਕੌਡੀਆਂ ਦੇ ਭਾਅ ਵੇਚਣ ਬੰਦ ਕੀਤਾ ਜਾਵੇ, 44 ਲੇਬਰ ਕਾਨੂੰਨ ਤੋੜ ਕੇ ਬਣਾਏ 4 ਕੋਡ ਰੱਦ ਕੀਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਜਨਤਕ ਵੰਡ ਪ੍ਰਣਾਲੀ ਸਾਰੇ ਗਰੀਬ ਲੋਕਾਂ ਲਈ ਚਾਲੂ ਕੀਤੀ ਜਾਵੇ, ਬਹੁਕੌਮੀ ਕੰਪਨੀਆਂ ਨੂੰ ਦੇਸ਼ ’ਚੋਂ ਬਾਹਰ ਕੱਢਿਆ ਜਾਵੇ, ਵਿਸ਼ਵ ਵਪਾਰ ਸੰਸਥਾ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ, ਵਧਦੀ ਮਹਿੰਗਾਈ ਨੂੰ ਨੱਥ ਪਾਈ ਜਾਵੇ, ਹਰ ਮਹਿਕਮੇ ਵਿਚ ਪੱਕੀ ਭਰਤੀ ਕੀਤੀ ਜਾਵੇ। ਇਸ ਮੌਕੇ ਜਗਦੇਵ ਸਿੰਘ, ਅਵਤਾਰ ਸਿੰਘ, ਬਲਵੀਰ ਸਿਘ, ਜਸਵੀਰ ਸਿੰਘ, ਵਰਿਆਮ ਸਿੰਘ, ਭੂਸ਼ਨ ਕੁਮਾਰ, ਜਾਮੀਲ ਖਾਨ, ਇਕਬਾਲ ਸਿੰਘ ਨੇ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਪੈਨਸ਼ਨਰਾਂ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਭੰਡਾਰੀ ਪਾਰਕ ਵਿੱਚ ਤਰਸੇਮ ਲਾਲ ਦੀ ਅਗਵਾਈ ਹੇਠ ਪੈਨਸ਼ਨਰ ਐਸੋਸੀਏਸ਼ਨ ਦੇ ਮੈਬਰਾਂ ਦੀ ਮੀਟਿੰਗ ਹੋਈ। ਇਸ ਮੌਕੇ ਇੰਦਰਜੀਤ ਸਿੰਘ ਅਕਾਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਪਲੇਠੇ ਬਜਟ ਵਿੱਚ ਪੈਨਸ਼ਨਰਾਂ/ਮੁਲਾਜ਼ਮਾਂ ਲਈ ਕੋਈ ਫੰਡ ਨਾ ਰੱਖ ਕੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਨ੍ਹਾਂ ‘ਆਪ’ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਵੱਡਾ ਸੰਘਰਸ਼ ਅਰੰਭਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਵਿੱਚ 10 ਅਗਸਤ ਤੱਕ ਤਹਿਸੀਲ ਪੱਧਰ ’ਤੇ ਧਰਨੇ ਦਿੱਤੇ ਜਾਣਗੇ ਅਤੇ 17 ਅਗਸਤ ਨੂੰ ਚੀਫ ਇੰਜੀਨੀਅਰ ਪਾਵਰਕੌਮ ਲੁਧਿਆਣਾ ਅੱਗੇ ਧਰਨਾ ਦਿੱਤਾ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ, ਹਰਭੂਲ ਸਿੰਘ, ਗੁਰਸੇਵਕ ਸਿੰਘ, ਮੋਹਨ ਸਿੰਘ, ਵਰਿਆਮ ਸਿੰਘ, ਰਾਮ ਸ਼ਰਨ, ਨੇਤਰ ਸਿੰਘ, ਮੁਕੇਸ਼ ਕੁਮਾਰ, ਭਾਰਤ ਭੂਸ਼ਨ ਸ਼ਰਮਾ, ਨਰਿੰਦਰ ਕੁਮਾਰ, ਸੰਤੋਖ ਸਿੰਘ, ਸੁਰੇਸ਼ ਕੁਮਾਰ, ਹਰਬੰਸ ਸਿੰਘ ਅਤੇ ਰਾਮ ਗੋਪਾਲ ਹਾਜ਼ਰ ਸਨ।