ਸਤਵਿੰਦਰ ਬਸਰਾ
ਲੁਧਿਆਣਾ, 18 ਜੁਲਾਈ
ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਇਕਾਈ ਵੱਲੋਂ ਅੱਜ ਸ਼ਾਂਤਮਈ ਰੋਸ ਪ੍ਰਗਟਾਉਂਦਿਆਂ ਵਰਵਰਾ ਰਾਓ ਸਮੇਤ ਜੇਲ੍ਹੀਂ ਡੱਕੇ ਬੁੱਧੀਜੀਵੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ। ਇਸ ਦੌਰਾਨ ਸੰਘ ਦੀ ਮੀਟਿੰਗ ਵੀ ਹੋਈ ਜਿਸ ਵਿੱਚ ਤੇਲਗੂ ਕਵੀ ਵਾਰਵਰਾ ਰਾਓ ਦੀਆਂ ਇਨਕਲਾਬੀ ਰਚਨਾਵਾਂ ਦਾ ਪਾਠ ਕੀਤਾ ਗਿਆ। ਇਸ ਮੌਕੇ ਸਮੂਹ ਅਹੁਦੇਦਾਰਾਂ ਨੇ ਮਹਿਸੂਸ ਕੀਤਾ ਕਿ ਸਰਕਾਰ ਕਰੋਨਾ ਸੰਕਟ ਦੇ ਬਹਾਨੇ ਲੋਕ ਵਿਰੋਧੀ ਫ਼ੈਸਲੇ ਕਰਕੇ ਲੋਕਾਂ ’ਤੇ ਮੜ ਰਹੀ ਹੈ। ਇਸ ਦੌਰਾਨ ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਦੇਸ਼ ਦੇ ਉੱਘੇ ਕਰਮਸ਼ੀਲ ਕਵੀ ਵਰਵਰਾ ਰਾਓ ਨੂੰ ਪਹਿਲਾਂ ਕਥਿਤ ਨਾਜਾਇਜ਼ ਢੰਗ ਨਾਲ ਭੀਮਾ ਕਾਰੇਗਾਓਂ ਕੇਸ ਦੇ ਬਹਾਨੇ ਫਸਾ ਕੇ ਜੇਲ੍ਹ ਵਿੱਚ ਡੱਕਿਆ ਗਿਆ ਤੇ ਹੁਣ ਵੱਡੀ ਉਮਰ ਦੇ ਸਾਹਿਤਕਾਰ ਨੂੰ ਅਣਮਨੁੱਖੀ ਤਸੀਹੇ ਦੇ ਕੇ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਵੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣਾ ਹੋਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਸਮੂਹ ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਸਮੇਤ ਹੋਰ ਲੋਕ ਪੱਖੀ ਘੋਲਾਂ ਵਿੱਚ ਜੇਲ੍ਹੀਂ ਡੱਕੇ ਬੁੱਧੀਜੀਵੀਆਂ ਤੇ ਸਾਹਿਤਕਾਰਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਸੰਘ ਲੁਧਿਆਣਾ ਇਕਾਈ ਦੇ ਪ੍ਰਧਾਨ ਸੁਰਿੰਦਰ ਕੈਲੇ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਇਨ੍ਹਾਂ ਮੰਗਾਂ ਲਈ ਸਮੁੱਚੇ ਲੇਖਕ ਵਰਗ ਨੂੰ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਪਲਸ ਮੰਚ ਦੇ ਸੂਬਾ ਖਜ਼ਾਨਚੀ ਮਲਕੀਤ ਸਿੰਘ, ਤਰਲੋਚਨ ਝਾਂਡੇ ਸ਼ਾਮਿਲ ਹੋਏ।
ਬੁੱਧੀਜੀਵੀਆਂ ਨੂੰ ਰਿਹਾਅ ਕਰਨ ਦੀ ਮੰਗ
ਦੋਰਾਹਾ (ਪੱਤਰ ਪ੍ਰੇਰਕ ): ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਤੇਲਗੂ ਕਵੀ, ਸਮਾਜਿਕ ਕਾਰਕੁਨ ਵਾਰਵਰਾ ਰਾਓ ਨੂੰ ਜੇਲ੍ਹ ਭੇਜਣ ਤੇ ਉਨ੍ਹਾਂ ਨਾਲ ਅਣਮਨੁੱਖੀ ਵਰਤਾਓ ਕਰਨ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ। ਸਭਾ ਦੇ ਪ੍ਰਧਾਨ ਜਸਵੀਰ ਝੱਜ, ਮੀਤ ਪ੍ਰਧਾਨ ਲਾਭ ਸਿੰਘ ਬੇਗੋਵਾਲ, ਬਲਵੰਤ ਮਾਂਗਟ ਤੇ ਸ਼ਾਇਰਾ ਨੀਤੂ ਰਾਮਪੁਰ ਨੇ ਵਰਵਰਾ ਰਾਓ ਵਾਂਗ ਗ੍ਰਿਫ਼ਤਾਰ ਹੋਰ ਲੇਖਕਾਂ, ਸਮਾਜਿਕ ਕਾਰਕਨਾਂ, ਬੁੱਧੀਜੀਵੀਆਂ ਨੂੰ ਰਿਹਾਅ ਕਰਨ ਲਈ ਸਰਕਾਰ ਤੋਂ ਮੰਗ ਕੀਤੀ।
ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਹੋਕਾ
ਲੁਧਿਆਣਾ (ਖੇਤਰੀ ਪ੍ਰਤੀਨਿਧ): ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏਕੇ ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਦੱਸਿਆ ਕਿ 19 ਜੁਲਾਈ ਨੂੰ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਸਮੂਹ ਲੋਕ ਪੱਖੀ, ਜਮਹੂਰੀ-ਜਨਤਕ ਜਥੇਬੰਦੀਆਂ ਅਤੇ ਹੋਰ ਇਨਸਾਫ਼ਪਸੰਦ ਲੋਕਾਂ ਦੇ ਸਹਿਯੋਗ ਨਾਲ ਪੂਰੇ ਪੰਜਾਬ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਜੇਲ੍ਹ ਵਿਚ ਡੱਕੇ ਪ੍ਰੋਫੈਸਰ ਵਰਵਰਾ ਰਾਓ ਅਤੇ ਹੋਰ ਲੋਕਪੱਖੀ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁਨਾਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ। ਊਨ੍ਹਾਂ ਲੋਕਾਂ ਅਤੇ ਜਨਤਕ ਜਥੇਬੰਦੀਆਂ ਨੂੰ ਰੋਸ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।