ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 9 ਜਨਵਰੀ
ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਕਥਿਤ ਪੁਲੀਸ ਤਸ਼ੱਦਦ ਤੋਂ ਬਾਅਦ ਮਰੀ ਕੁਲਵੰਤ ਕੌਰ ਨੂੰ ਇਨਸਾਫ਼ ਦਿਵਾਉਣ ਲਈ ਵਿੱਢੇ ਸੰਘਰਸ਼ ਦੀ ਲੜੀ ’ਚ ਅੱਜ ਇਥੇ ਪੁਤਲਾ ਫੂਕਿਆ। ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਦਾ ਸਾਂਝਾ ਪੁਤਲਾ ਫੂਕਣ ਸਮੇਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ 13 ਜਨਵਰੀ ਨੂੰ ਜਗਰਾਉਂ ਦੇ ਰਾਣੀ ਝਾਂਸੀ ਚੌਕ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ। ਇਸ ਤੋਂ ਬਾਅਦ ਵੀ ਜੇਕਰ ਕੁਲਵੰਤ ਕੌਰ ਮਾਮਲੇ ’ਚ ਨਾਮਜ਼ਦ ਡੀਐੱਸਪੀ, ਥਾਣੇਦਾਰ ਤੇ ਦੋ ਹੋਰਨਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਥਾਣਾ ਸਿਟ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ। ਜਥੇਬੰਦੀਆਂ ਦੇ ਸਾਂਝੇ ਪ੍ਰੋਗਰਾਮ ਤਹਿਤ ਅੱਜ ਕੁੱਲ ਹਿੰਦ ਕਿਸਾਨ ਸਭਾ, ਵਿਦਿਅਕ ਭਲਾਈ ਟਰੱਸਟ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਦੀ ਅਗਵਾਈ ’ਚ ਹੋਮਗਾਰਡ ਦਫ਼ਤਰ ਅੱਗੇ ਪੁਤਲਾ ਫੂਕਿਆ ਗਿਆ। ਇਸ ਸਮੇਂ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਸਾਧੂ ਸਿੰਘ, ਜਨਰਲ ਸਕੱਤਰ ਗੁਰਬਚਨ ਮਾਨ ਤੇ ਹਾਕਮ ਸਿੰਘ ਸ਼ੇਰਗਿੱਲ ਕਿਹਾ ਕਿ ਕੁਲਵੰਤ ਕੌਰ ਰਸੂਲਪੁਰ ’ਤੇ ਡੇਢ ਦਹਾਕਾ ਪਹਿਲਾਂ ਤਸ਼ੱਦਦ ਹੋਇਆ ਸੀ ਜਿਸ ਮਗਰੋਂ ਉਸ ਦੀ ਇੰਨੇ ਸਾਲ ਅਪਾਹਜ ਹੋ ਕੇ ਮੰਜੇ ’ਤੇ ਪਏ ਰਹਿਣ ਮਗਰੋਂ ਬੀਤੇ ਦਿਨੀਂ ਮੌਤ ਹੋ ਗਈ। ਪਰਿਵਾਰ ਇੰਨੇ ਸਾਲ ਇਨਸਾਫ਼ ਲਈ ਲੜਦਾ ਰਿਹਾ ਪਰ ਪੁਲੀਸ ਨੇ ਕੁਲਵੰਤ ਕੌਰ ਦੀ ਮੌਤ ਤੋਂ ਬਾਅਦ ਤੱਤਕਾਲੀ ਥਾਣਾ ਸਿਟੀ ਇੰਚਾਰਜ ਤੇ ਮੌਜੂਦਾ ਡੀਐੱਸਪੀ ਗੁਰਿੰਦਰ ਸਿੰਘ ਬੱਲ, ਏਐੱਸਆਈ ਰਾਜਵੀਰ ਸਿੰਘ, ਹਰਜੀਤ ਸਿੰਘ ਸਮੇਤ ਚਾਰਾਂ ਜਣਿਆਂ ਖ਼ਿਲਾਫ਼ ਮਾਮਲਾ ਕੀਤਾ। ਇਸ ਦੇ ਬਾਵਜੂਦ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਰਹੀ। ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਿਛਲੇ ਹਫਤੇ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਜਿਸ ਕਰਕੇ ਜਥੇਬੰਦੀਆਂ ਨੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਅਧਿਕਾਰੀ ਜਾਣਬੁੱਝ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਕਰ ਰਹੇ। ਪੁਲੀਸ ਅਧਿਕਾਰੀਆਂ ਦਾ ਚਿਹਰਾ ਬੇਨਕਾਬ ਕਰਨ ਲਈ ਪਿੰਡ-ਪਿੰਡ ਗਲੀ ਮੁਹੱਲਿਆਂ ’ਚ ਪੁਤਲੇ ਫੂਕੇ ਜਾਣਗੇ, ਰੈਲੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ, ਇਕਬਾਲ ਸਿੰਘ ਰਸੂਲਪੁਰ ਆਦਿ ਮੌਜੂਦ ਸਨ।