ਜੋਗਿੰਦਰ ਸਿੰਘ ਓਬਰਾਏ
ਖੰਨਾ, 25 ਸਤੰਬਰ
ਇਥੋਂ ਨੇੜਲੇ ਪਿੰਡ ਇਕੋਲਾਹੀ ਵਿੱਚ ਇੰਟਰਲਾਕਿੰਗ ਟਾਈਲਾਂ ਦਾ ਕੰਮ ਅੱਧ ਵਿਚਾਲੇ ਛੱਡਣ ’ਤੇ ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕੰਮ ਜਲਦ ਸ਼ੁਰੂ ਕਰਨ ਦੀ ਮੰਗ ਕੀਤੀ। ਇਸ ਮੌਕੇ ਨੰਬਰਦਾਰ ਚਰਨਜੀਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਜਤਿੰਦਰ ਸਿੰਘ ਨੇ ਸਬੰਧਤ ਵਿਭਾਗ ’ਤੇ ਪੱਖਪਾਤ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਾਰੇ ਪਿੰਡ ਵਿਚ ਇੰਟਰਲਾਕਿੰਗ ਟਾਈਲਾਂ ਲਾਈਆਂ ਜਾ ਰਹੀਆਂ ਹਨ, ਪਰ ਉਨ੍ਹਾਂ ਦੇ ਘਰਾਂ ਵੱਲ ਕੁਝ ਥਾਂ ਛੱਡ ਕੇ ਅਚਾਨਕ ਕੰਮ ਬੰਦ ਕਰ ਦਿੱਤਾ ਗਿਆ। ਇਸ ਕਾਰਨ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇੇ ਮੀਂਹ ਦੌਰਾਨ ਗਲੀਆਂ ਵਿੱਚੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਇਸ ਮੌਕੇ ਹਰਪਾਲ ਸਿੰਘ, ਕਮਲਜੀਤ ਸਿੰਘ, ਗੁਰਮੁੱਖ ਸਿੰਘ, ਜਸਪ੍ਰੀਤ ਕੌਰ, ਕੁਲਵਿੰਦਰ ਕੌਰ, ਸਲਮਾ ਮੁਮਤਾਜ਼ ਹਾਜ਼ਰ ਸਨ। ਉਧਰ ਸਰਪੰਚ ਬੀਰ ਸਿੰਘ ਨੇ ਕਿਹਾ ਕਿ ਗਲੀ ਦਾ ਇਹ ਕੰਮ ਪੰਚਾਇਤ ਕੋਲ ਨਹੀਂ ਹੈ। ਇਸ ਕੰਮ ਨੂੰ ਪੰਚਾਇਤੀ ਰਾਜ ਅਧੀਨ ਐਕਸੀਅਨ ਹੀ ਕਰਵਾ ਸਕਦੇ ਹਨ। ਇਸ ਮੌਕੇ ਜੇਈ ਸੁਖਦੀਪ ਸਿੰਘ ਨੇ ਕਿਹਾ ਕਿ ਸਾਨੂੰ ਪਿੰਡ ਦੇ ਸਮਸ਼ਾਨਘਾਟ ਨੂੰ ਜਾਣ ਵਾਲੇ ਰਸਤੇ ਦਾ ਕੰਮ ਕਰਨਾ ਪੈ ਗਿਆ, ਇਸ ਲਈ ਗਲੀ ਦਾ ਕੰਮ ਅੱਧ ਵਿਚਾਲੇ ਛੱਡਿਆ ਗਿਆ ਹੈ, ਜਲਦ ਹੀ ਪਹਿਲ ਦੇ ਅਧਾਰ ’ਤੇ ਪੂਰਾ ਕੀਤਾ ਜਾਵੇਗਾ।