ਸਤਵਿੰਦਰ ਬਸਰਾ
ਲੁਧਿਆਣਾ, 5 ਸਤੰਬਰ
ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨਮਲ ਸਾਇੰਸਜ਼ ਯੂਨੀਵਰਸਿਟੀ ਗਡਵਾਸੂ ਦੇ ਨਾਨ-ਟੀਚਿੰਗ ਸਟਾਫ ਅਤੇ ਪੈਨਸ਼ਰਨਾਂ ਵੱਲੋਂ ਅੱਜ ਸਰਕਾਰ ਅਤੇ ’ਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਰੋਸ ਮਾਰਚ ਕੱਢਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਛੇਵੇਂ ਪੇਅ ਕਮਿਸ਼ਨ ਅਨੁਸਾਰ ਤਨਖਾਹ ਤੇ ਹੋਰ ਭੱਤੇ ਦੀ ਮੰਗ ਕੀਤੀ।
ਯੂਨੀਵਰਸਿਟੀ ਦੀ ਨਾਨ-ਟੀਚਿੰਗ ਕਰਮਚਾਰੀ ਯੂਨੀਅਨ ਅਤੇ ਪੈਨਸ਼ਨਰਾਂ ਵੱਲੋਂ ਅੱਜ ਮੁਕੰਮਲ ਹੜਤਾਲ ਕਰਕੇ ਜਿੱਥੇ ’ਵਰਸਿਟੀ ਦਾ ਕੰਮ ਠੱਪ ਰੱਖਿਆ ਗਿਆ ਉੱਥੇ ਹੀ ਪ੍ਰਬੰਧਕੀ ਬਲਾਕ ਨੇੜੇ ਪੈਂਦੇ ਮੁੱਖ ਗੇਟ ਤੋਂ ਲੈ ਕੇ ਗੇਟ ਨੰਬਰ-5 ਤੱਕ ਰੋਸ ਮਾਰਚ ਕੱਢਿਆ। ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਦੀਦਾਰ ਸਿੰਘ ਅਤੇ ਸੀਨੀਅਰ ਵਾਈਸ ਪ੍ਰਧਾਨ ਬਲਰਾਜ ਸਿੰਘ ਨੇ ਕਿਹਾ ਕਿ ’ਵਰਸਿਟੀ ਦੇ ਮੁਲਾਜ਼ਮਾਂ ਵੱਲੋਂ ਪਿਛਲੇ ਪੰਜ ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਛੇਵੇਂ ਪੇਅ ਕਮਿਸ਼ਨ ਅਨੁਸਾਰ ਤਨਖਾਹ ਜਾਰੀ ਨਹੀਂ ਕੀਤੀ ਗਈ ਜਦੋਂਕਿ ਪੀਏਯੂ ਅਤੇ ਪੰਜਾਬ ਸਰਕਾਰ ਦੇ ਬਾਕੀ ਅਦਾਰਿਆਂ ਵਿੱਚ ਛੇਵੇਂ ਪੇਅ ਸਕੇਲ ਅਨੁਸਾਰ ਤਨਖਾਹ ਅਤੇ ਏਰੀਅਰ ਮਿਲ ਚੁੱਕਾ ਹੈ। ਰੋਸ ਵਜੋਂ ਅੱਜ ਮੁਲਾਜ਼ਮਾਂ ਨੇ ਇਹ ਰੋਸ ਮਾਰਚ ਕੱਢਿਆ ਹੈ। ਇਸ ਵਿੱਚ ਕਿਸੇ ਵੀ ਰਾਹਗੀਰ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ।
ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਹਾਂ-ਪੱਖੀ ਰਵੱਈਆ ਨਾ ਅਪਣਾਇਆ ਤਾਂ 12 ਸਤੰਬਰ ਨੂੰ ਉਹ ਫਿਰ ਹੜਤਾਲ ਕਰਨਗੇ।