ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜਨਵਰੀ
ਸਥਾਨਕ ਮਿੱਢਾ ਚੌਕ ਨੇੜੇ ਪੁਰਾਣੇ ਦਰਖਤ ਵੱਢਣ ਦਾ ਵਾਤਾਵਰਣ ਪ੍ਰੇਮੀਆਂ ਅਤੇ ਕਈ ਸਮਾਜ ਸੇਵੀ ਜੱਥੇਬੰਦੀਆਂ ਨੇ ਵਿਰੋਧ ਕੀਤਾ। ਉਨਾਂ ਕਿਹਾ ਕਿ ਵੱਢੇ ਗਏ ਕਈ ਦਰਖਤਾਂ ਦੀ ਲੱਕੜ ਵੀ ਖੁਰਦ-ਬੁਰਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਚੋਰੀ ਦਾ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ। ਇਸ ਮੌਕੇ ਪੁਲੀਸ ਪ੍ਰਸਾਸ਼ਨ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਗਈ। ਇਸ ਮੌਕੇ ਇੰਜ. ਕਪਿਲ ਅਰੋੜਾ, ਜਸਕੀਰਤ ਸਿੰਘ, ਗੁਰਪਾਲ ਗਰੇਵਾਲ ‘ਸਰਾਭਾ’, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ ਅਤੇ ਬ੍ਰਿਜ਼ ਭੂਸ਼ਣ ਗੋਇਲ ਨੇ ਕਿਹਾ ਕਿ ਮਿੱਢਾ ਚੌਕ ਨੇੜੇ ਨਗਰ ਨਿਗਮ ਦਫਤਰ ਦੇ ਕੋਲੋਂ 8 ਪੁਰਾਣੇ ਦਰਖਤ ਵੱਢ ਦਿੱਤੇ ਗਏ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਇਹ ਸਭ ਉੱਥੇ ਹੋਇਆ ਜਿੱਥੋਂ ਨਗਰ ਨਿਗਮ ਦਾ ਦਫਤਰ ਵੀ ਬਹੁਤਾ ਦੂਰ ਨਹੀਂ ਹੈ। ਪ੍ਰਦਰਸ਼ਨ ਕਰਨ ਵਾਲਿਆਂ ਨੇ ਆਪਣੇ ਹੱਥਾਂ ਵਿੱਚ ਵਾਤਾਵਰਣ ਬਚਾਓ ਸਬੰਧੀ ਵੱਖ ਵੱਖ ਨਾਅਰੇ ਲਿਖੇ ਪਰਚੇ ਵੀ ਫੜੇ ਹੋਏ ਸਨ।
ਬਾਗਬਾਨੀ ਵਿਭਾਗ ਵੱਲੋਂ ਪੁਲੀਸ ਨੂੰ ਸ਼ਿਕਾਇਤ
ਨਗਰ ਨਿਗਮ ਦੇ ਬਾਗਬਾਨੀ ਵਿਭਾਗ ਦੇ ਜੇਈ ਕਿਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲੀਸ ਵੱਲੋਂ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।