ਪਾਇਲ: ਇੱਥੋਂ ਨੇੜਲੇ ਪਿੰਡ ਨਸਰਾਲੀ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਪਿੰਡ ਵਿੱਚ ਸ਼ਹੀਦ ਮੇਜਰ ਹਰਦੇਵ ਸਿੰਘ ਦਾ ਬੁੱਤ ਲਗਾਉਣ ਲਈ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ, ਜੋ ਗੁਜਰਾਤ ਚੋਣਾਂ ਵਿੱਚ ਮਸਰੂਫ ਹਨ ਦੇ ਨਾਮ ’ਤੇ ਉਨ੍ਹਾਂ ਦੇ ਪਿਤਾ ਭੁਪਿੰਦਰ ਸਿੰਘ ਸੌਂਦ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਫ਼ੌਜ ਵਿੱਚ ਸ਼ਹੀਦ ਹੋਏ ਮੇਜਰ ਹਰਦੇਵ ਸਿੰਘ ਨਸਰਾਲੀ ਦਾ ਆਦਮ ਕੱਦ ਦਾ ਬੁੱਤ ਪਿੰਡ ਵਿੱਚ ਲਗਾਇਆ ਜਾਵੇ ਅਤੇ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲੀ ਦੇ ਅੱਗੇ ਸ਼ਹੀਦ ਸਬਦ ਲਗਾ ਕੇ ਸਕੂਲ ਦਾ ਨਾਮ ਸ਼ਹੀਦ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲੀ ਰੱਖਿਆ ਜਾਵੇ। ਭੁਪਿੰਦਰ ਸਿੰਘ ਸੌਂਦ ਨੇ ਕਿਹਾ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਲਿਖ ਕੇ ਮੰਗ ਨੂੰ ਪੂਰਾ ਕਰਵਾਇਆ ਜਾਵੇਗਾ। ਇਸ ਮੌਕੇ ਕੁਲਵੰਤ ਸਿੰਘ ਮਹਿਮੀ, ਮਨਦੀਪ ਸਿੰਘ ਇੰਜਨੀਅਰ, ਬਲਜਿੰਦਰ ਸਿੰਘ, ਮਨਦੀਪ ਸਿੰਘ ਮਨੀ, ਜਤਿੰਦਰ ਸਿੰਘ ਅਤੇ ਸਤਨਾਮ ਸਿੰਘ ਨਸਰਾਲੀ ਹਾਜ਼ਰ ਸਨ। -ਪੱਤਰ ਪ੍ਰੇਰਕ