ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਇਨਕਲਾਬੀ ਕੇਂਦਰ ਪੰਜਾਬ, ਅਧਿਆਪਕ ਜਥੇਬੰਦੀਆਂ ਅਤੇ ਪਿੰਡ ਕੁਤਬਾ ਦੇ ਮੋਹਤਬਰਾਂ ਦਾ ਇਕ ਵਫ਼ਦ ਇਥੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲਿਆ। ਵਫ਼ਦ ’ਚ ਸ਼ਾਮਲ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜਗਰਾਜ ਸਿੰਘ ਹਰਦਾਸਪੁਰਾ ਤੇ ਹੋਰਨਾਂ ਨੇ ਦੱਸਿਆ ਕਿ ਅਧਿਆਪਕ ਗੁਰਜੀਤ ਸਿੰਘ ਦੀ ਪ੍ਰੀਖਿਆ ਡਿਊਟੀ ਨੇੜਲੇ ਇਕ ਪਿੰਡ ਦੇ ਸਕੂਲ ’ਚ ਲੱਗੀ ਹੋਈ ਸੀ। ਉਥੋਂ ਦੀ ਇਕ ਬੱਚੀ ਨੇ ਨਿਗਰਾਨ ਅਧਿਆਪਕ ਖ਼ਿਲਾਫ਼ ਛੇੜਛਾੜ ਦਾ ਦੋਸ਼ ਲਾਇਆ। ਇਸ ਮਾਮਲੇ ਦੀ ਪੜਾਲ ਜਗਰਾਉਂ ਦੀ ਇਕ ਮਹਿਲਾ ਪੁਲੀਸ ਅਧਿਕਾਰੀ ਨੂੰ ਦਿੱਤੀ ਗਈ ਜਿਸ ਨੇ ਅਧਿਆਪਕ ਨੂੰ ਇਕ ਸਾਲ ਦੀ ਤਨਖਾਹ ਦੰਡ ਵਜੋਂ ਦੇਣ ਲਈ ਕਥਿਤ ਦਬਾਅ ਪਾਇਆ। ਮਹਿੰਦਰ ਸਿੰਘ ਕਮਾਲਪੁਰਾ, ਗੁਰਪ੍ਰੀਤ ਸਿੰਘ ਸਿੱਧਵਾਂ ਤੇ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਸਬੰਧਤ ਸਕੂਲ ਮੁਖੀ, ਨਿਗਰਾਨ ਅਮਲੇ ਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਕੀਤੀ ਗਈ। ਇਸ ’ਚ ਬੱਚੀ ਨਾਲ ਛੇੜਛਾੜ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ। ਆਗੂਆਂ ਨੇ ਕਿਹਾ ਕਿ ਇਹ ਕਥਿਤ ਝੂਠਾ ਪਰਚਾ ਜੇਕਰ ਰੱਦ ਨਾ ਕੀਤਾ ਗਿਆ ਤਾਂ ਜਨਤਕ ਜਥੇਬੰਦੀਆਂ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ। ਮਹਿਲਾ ਪੁਲੀਸ ਅਧਿਕਾਰੀ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਵੀ ਪਰਚਾ ਰੱਦ ਕਰਨ ਦੀ ਮੰਗ ਕਰਦਿਆਂ ਸੰਘਰਸ਼ ’ਚ ਸਾਥ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਜਿਸ ਮਹਿਲਾ ਪੁਲੀਸ ਅਧਿਕਾਰੀ ਦਾ ਨਾਂ ਸਾਹਮਣੇ ਆ ਰਿਹਾ ਹੈ ਉਸ ਦੇ ਅਜਿਹੇ ਅਨੇਕਾਂ ਮਾਮਲੇ ਹਨ ਜੋ ਜਨਤਕ ਕੀਤੇ ਜਾਣਗੇ।