ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਅਪਰੈਲ
ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ਼ ਕਨਫੈਡਰੇਸ਼ਨ ਦੀ ਕੌਮੀ ਕੌਂਸਲ ਨੇ ਕੇਂਦਰ ਅਤੇ ਰਾਜ ਸੇਵਾਵਾਂ ਵਿੱਚ ਮੁਲਾਜ਼ਮਾਂ ਲਈ ਮੌਜੂਦਾ ਨਵੀਂ (ਭਾਗੀਦਾਰੀ) ਪੈਨਸ਼ਨ ਸਕੀਮ ਨੂੰ ਖ਼ਤਮ ਕਰਕੇ ਪੁਰਾਣੀ (ਸੰਵਿਧਾਨਿਕ) ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ ਹੈ। ਦਿੱਲੀ ਵਿੱਚ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਹੋਈ ਕੌਮੀ ਕੌਂਸਲ ਦੀ ਮੀਟਿੰਗ ਦੌਰਾਨ ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਸਿਵਲ ਸੇਵਾ ਦੇ ਢਹਿ-ਢੇਰੀ ਹੋਣ ਨਾਲ ਗਰੀਬ ਅਤੇ ਮੱਧ ਵਰਗ ਉੱਤੇ ਮਾੜਾ ਅਸਰ ਪੈ ਰਿਹਾ ਹੈ। ਇਸ ਮੌਕੇ ਜਥੇਬੰਦੀ ਨੇ ਇਸ ਮੁੱਦੇ ਦੇ ਨਾਲ-ਨਾਲ ਹੋਰ ਸੰਘਰਸ਼ ਕਰਨ ਲਈ ਮੁਲਾਜ਼ਮ ਵਰਗ ਨੂੰ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਜਨਰਲ ਸਕੱਤਰ ਸੀਆਰ ਜੋਸ਼ ਪ੍ਰਕਾਸ਼ ਨੇ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਸੰਭੂ ਸਾਰੇਨ ਠਾਕੁਰ, ਸੋਨਾਲੀ (ਬਿਹਾਰ), ਸਾਨਵਾਸ ਖਾਨ, ਕਾਮਰੇਡ ਸੁਧੀ ਕੁਮਾਰ (ਕੇਰਲ), ਜਸਵਿੰਦਰ ਉੱਘੀ, ਚੰਦਨ ਸਿੰਘ (ਪੰਜਾਬ), ਕ੍ਰਿਸ਼ਨ ਪ੍ਰਸਾਦ ਚੰਡੀਗੜ੍ਹ ਅਤੇ ਰਾਜੀ ਖੁਰਿਆਨ (ਦਿੱਲੀ) ਵੀ ਹਾਜ਼ਰ ਸਨ।