ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 26 ਅਗਸਤ
ਸਥਾਨਕ ਸ਼ਹਿਰ ਅਤੇ ਲੁਧਿਆਣਾ ਤੇ ਮਾਲੇਰਕੋਟਲਾ ਅਧੀਨ ਪੈਂਦੇ ਇਲਾਕੇ ਦੇ ਪਿੰਡਾਂ ਦੇ ਮੁਸਲਿਮ ਪਰਿਵਾਰਾਂ ਨੇ ਮੰਗ ਕੀਤੀ ਹੈ ਕਿ ਹੱਜ ਤੇ ਉਮਰਾ ਸਮੇਤ ਸਾਰੀਆਂ ਧਾਰਮਿਕ ਯਾਤਰਾਵਾਂ ਨੂੰ ਜੀਐੱਸਟੀ ਸਮੇਤ ਸਾਰੇ ਟੈਕਸਾਂ ਤੋਂ ਛੋਟ ਦਿੱਤੀ ਜਾਵੇ ਤਾਂ ਕਿ ਗਰੀਬ ਪਰਿਵਾਰ ਵੀ ਆਪਣੇ ਮੈਂਬਰਾਂ ਨੂੰ ਇਹ ਯਾਤਰਾਵਾਂ ਕਰਵਾ ਸਕਣ।
ਉਨ੍ਹਾਂ ਮੰਗ ਕੀਤੀ ਹੈ ਕਿ ਹੱਜ ਵਾਲੇ ਦਿਨਾਂ ਦੌਰਾਨ ਹਾਜੀਆਂ ਲਈ ਆਮ ਚੱਲਦੀਆਂ ਰੇਲਗੱਡੀਆਂ ਨਾਲ ਵਿਸ਼ੇਸ਼ ਡੱਬੇ ਲਗਾਏ ਜਾਣ। ਮੁਸਲਿਮਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਪੰਜਾਬ ਸਰਕਾਰ ਦੀ ਸੂਬਾ ਹੱਜ ਕਮੇਟੀ ਦੇ ਮੈਂਬਰ ਐਡਵੋਕੇਟ ਇਕਬਾਲ ਅਹਿਮਦ ਨੇ ਕਿਹਾ ਕਿ ਉਹ ਹੱਜ ਤੋਂ ਪਹਿਲਾਂ ਇਹ ਮੰਗਾਂ ਲਾਗੂ ਕਰਵਾਉਣ ਦੀ ਕੋਸ਼ਿਸ ਕਰਨਗੇ। ਕੌਂਸਲਰ ਅਮਨ ਅਫਰੀਦੀ ਦੀ ਅਗਵਾਈ ਹੇਠ ਇਕੱਠੇ ਹੋਏ ਵੱਖ ਵੱਖ ਮੁਸਲਿਮ ਅਦਾਰਿਆਂ ਦੇ ਆਗੂਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਉਨ੍ਹਾਂ ਗਰੀਬ ਮੁਸਲਿਮ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਬਿਲਕੁਲ ਕੋਸ਼ਿਸ ਨਹੀਂ ਕੀਤੀ। ਉਨ੍ਹਾਂ ਦਲੀਲ ਦਿੱਤੀ ਕਿ ਯਾਤਰਾ ਸ਼ੁਰੂ ਹੋਣ ਵਾਲੀ ਥਾਂ ਤੱਕ ਪ੍ਰਾਈਵੇਟ ਵਾਹਨਾਂ ਰਾਹਾਂ ਜਾਣ ਵਿੱਚ ਜਿੱਥੇ ਖਰਚ ਜ਼ਿਆਦਾ ਹੁੰਦਾ ਹੈ ਉੱਥੇ ਸੁਰੱਖਿਆ ਤੇ ਯਕੀਨ ਦੀ ਵੀ ਘਾਟ ਰਹਿੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਹੱਜ ਦੌਰਾਨ ਸਾਰੇ ਹਿੱਸਿਆਂ ਤੋ ਜਾਣ ਵਾਲੀਆਂ ਰੇਲ ਗੱਡੀਆਂ ਵਿੱਚ ਹਾਜੀਆਂ ਲਈ ਵੱਖਰੇ ਡੱਬੇ ਲਗਾਏ ਜਾਣ।