ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਅਪਰੈਲ
ਆਮ ਆਦਮੀ ਪਾਰਟੀ ਦੀ ਭਸਰਕਾਰ ਨੇ ਭ੍ਰਿਸ਼ਟਾਚਾਰ ਰੋਕਣ ਲਈ ਇਕ ਨੰਬਰ ਜਾਰੀ ਕਰ ਕੇ ਵੀਡੀਓ ਜਾਂ ਆਡੀਓ ਭੇਜਣ ਲਈ ਲੋਕਾਂ ਨੂੰ ਕਿਹਾ ਹੈ ਪਰ ਜਿਹੜਾ ਕਰੋੜਾਂ ਰੁਪਏ ਦੇ ਪਿਛਲੇ ਸਮੇਂ ’ਚ ਘਪਲੇ ਹੋਏ ਅਤੇ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਫੈਲਾਇਆ ਉਨ੍ਹਾਂ ਖ਼ਿਲਾਫ਼ ਕਾਰਵਾਈ ਲਈ ਅੱਜ ਪ੍ਰੀਤਮ ਸਿੰਘ ਅਖਾੜਾ ਦੀ ਅਗਵਾਈ ’ਚ ਇਕ ਵਫ਼ਦ ਨੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿੱਚ ਪਿਛਲੇ ਸਮੇਂ ਦੌਰਾਨ ਜਗਰਾਉਂ ’ਚ ਹੋਏ ਕਰੋੜਾਂ ਰੁਪਏ ਦੇ ਘਪਲੇ ਸਮੇਤ ਹੋਰ ਮਾਮਲਿਆਂ ਦਾ ਜ਼ਿਕਰ ਕਰਦਿਆਂ ਬੇਨਿਕਾਬ ਕਰਨ ਦੀ ਮੰਗ ਕੀਤੀ ਗਈ ਹੈ। ਸਮਾਜ ਸੇਵੀ ਪ੍ਰੀਤਮ ਸਿੰਘ ਅਖਾੜਾ ਅਤੇ ਭ੍ਰਿਸ਼ਟਾਚਾਰ ਵਿਰੋਧੀ ਫ਼ਰੰਟ ਦੇ ਆਗੂ ਪਰਮਿੰਦਰ ਸਿੰਘ ਸਿੱਧਵਾਂ ਬੇਟ ਨੇ ਜਗਰਾਉਂ ’ਚ ਸਿਵਲ ਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਨਾਲ ਜੁੜੇ ਇਕ ਮਾਮਲੇ ਦਾ ਜ਼ਿਕਰ ਕਰਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਵਿਧਾਇਕ ਮਾਣੂੰਕੇ ਨੇ ਮਾਮਲਾ ਸਰਕਾਰ ਤੇ ਵਿਜੀਲੈਂਸ ਅਧਿਕਾਰੀਆਂ ਤੱਕ ਪਹੁੰਚ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ।