ਖੇਤਰੀ ਪ੍ਰਤੀਨਿਧ
ਲੁਧਿਆਣਾ 3 ਜੁਲਾਈ
ਕੌਮਾਗਾਟਾਮਾਰੂ ਯਾਦਗਾਰ ਕਮੇਟੀ ਦੀ ਅਹਿਮ ਮੀਟਿੰਗ ਐਡਵੋਕੇਟ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਸਮੇਤ ਦੇਸ਼ ਦੀ ਤਾਜ਼ਾ ਸਥਿਤੀ ’ਤੇ ਚਰਚਾ ਕੀਤੀ ਗਈ। ਇਸ ਦੌਰਾਨ ਆਗੂਆਂ ਨੇ ਨੂਪੁਰ ਸ਼ਰਮਾ ਸਮੇਤ ਫਿਰਕੂ ਫਾਸ਼ੀ ਮਹਾਂਰਥੀਆਂ ਖ਼ਿਲਾਫ਼ ਮਿਸਾਲੀ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ। ਮੀਟਿੰਗ ਵਿੱਚ ਮਾਸਟਰ ਜਸਦੇਵ ਸਿੰਘ ਲਲਤੋਂ, ਉਜਾਗਰ ਸਿੰਘ ਬੱਦੋਵਾਲ, ਹਰਦੇਵ ਸਿੰਘ ਸੁਨੇਤ, ਜਸਬੀਰ ਕੌਰ ਜੋਧਾਂ, ਸੁਖਦੇਵ ਸਿੰਘ ਕਿਲ੍ਹਾ ਰਾਏਪੁਰ, ਚਰਨਜੀਤ ਹਿੰਮਾਯੂਪੁਰਾ, ਸ਼ਿੰਦਰ ਸਿੰਘ ਜਵੱਦੀ, ਜੁਗਿੰਦਰ ਸਿੰਘ ਸਹਿਜ਼ਾਦ, ਕੁਲਵੰਤ ਸਿੰਘ ਅਤੇ ਮਲਕੀਤ ਸਿੰਘ ਆਦਿ ਹਾਜ਼ਰ ਸਨ।
ਮੀਟਿੰਗ ’ਚ ਪਹਿਲੇ ਮਤੇ ਰਾਹੀਂ ਪੈਗੰਬਰ ਹਜ਼ਰਤ ਮੁਹੰਮਦ ਖ਼ਿਲਾਫ਼ ਫਿਰਕੂ ਤੇ ਭੜਕਾਊ ਟਿੱਪਣੀਆਂ ਕਰਨ ਵਾਲੀ ਭਾਜਪਾ ਤਰਜਮਾਨ ਨੂਪੁਰ ਸ਼ਰਮਾ ਸਮੇਤ ਇਸ ਨੂੰ ਸ਼ਹਿ ’ਤੇ ਸਰਪ੍ਰਸਤੀ ਦੇਣ ਵਾਲੇ ਅਤੇ ਅੱਜ ਤੱਕ ਕਥਿਤ ਤੌਰ ’ਤੇ ਕਾਨੂੰਨ ਤੋਂ ਬਚਾਉਣ ਵਾਲੇ ਭਾਜਪਾ, ਆਰਐਸਐੱਸ ਦੇ ਚੋਟੀ ਦੇ ਸਾਜਿਸ਼ਕਰਤਾ ਆਗੂਆਂ ਦੇ ਖ਼ਿਲਾਫ਼ ਮਿਸਾਲੀ ਤੇ ਸਖਤ ਕਾਨੂੰਨੀ ਕਾਰਵਾਈ ਯਕੀਨੀ ਬਣਾਉਣ ਲਈ ਅਦਾਲਤ ਨੂੰ ਅਪੀਲ ਕੀਤੀ ਗਈ। ਦੂਜੇ ਮਤੇ ਰਾਹੀਂ ਨੌਜਵਾਨਾਂ ਦਾ ਭਵਿੱਖ ਮਾਰੂ ‘ਅਗਨੀਪੱਥ’ ਸਕੀਮ ਨੂੰ ਫੌਰੀ ਵਾਪਸ ਲੈਣ ਤੇ ਪੰਜਾਬ ਸਮੇਤ ਦੇਸ਼ ਵਿੱਚ ਹਜ਼ਾਰਾਂ ਨੌਜਵਾਨਾਂ ਸਿਰ ਮੜ੍ਹੇ ਪੁਲੀਸ ਕੇਸ ਵਾਪਸ ਲੈਣ ਦੀ ਮੰਗ ਕੀਤੀ। ਤੀਜੇ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਰਾਜਸਥਾਨ ਨੂੰ ਜਾਂਦੀਆਂ ਨਹਿਰਾਂ ਨੂੰ 780 ਕਰੋੜ ਰੁਪਏ ਖਰਚ ਕੇ ਪੱਕਾ ਕਰਨ ਵਾਲੀ ਪਾਣੀ ਦੇ ਹੇਠਾਂ ਜੀਰਨ (ਰੀਚਾਰਜਿੰਗ) ਵਿਰੋਧੀ ਨੀਤੀ ਨੂੰ ਤੁਰੰਤ ਵਾਪਸ ਲਵੇ ਅਤੇ ਕੁੱਲ ਨਹਿਰਾਂ, ਸੂਇਆਂ ਅਤੇ ਡਰੇਨਾਂ ’ਚ ਢੁਕਵੀਂ ਦੂਰੀ ’ਤੇ ਪਾਣੀ ਜੀਰਨ ਦੀ ਵੱਡੀ ਯੋਜਨਾਬੰਦੀ ਆਰੰਭ ਕਰੇ। ਚੌਥੇ ਮਤੇ ਰਾਹੀਂ ਮੱਕੀ, ਜਵਾਰ-ਬਾਜਰਾ, ਸੂਰਜਮੁਖੀ, ਬਾਸਮਤੀ ਸਮੇਤ ਕੁਲ ਬਦਲਵੀਆਂ ਤੇ ਪਾਣੀ ਬਚਾਊ ਫਸਲਾਂ ਦੀ ਐੱਮਐੱਸਪੀ ਦੇ ਆਧਾਰ ’ਤੇ ਦਾਣਾ-ਦਾਣਾ ਖਰੀਦਣ ਦੀ ਮੰਗ ਕੀਤੀ ਗਈ। ਪੰਜਵੇਂ ਮਤੇ ਰਾਹੀਂ ਗੱਡੀਆਂ, ਆਟੋ ਰਿਕਸ਼ਿਆਂ ’ਚ ਚੱਲਦੇ ਅਸ਼ਲੀਲ ਅਤੇ ਮਾਰ-ਧਾੜ ਵਾਲੇ ਗਾਣੇ ਬੰਦ ਕਰਵਾਉਣ ਦੀ ਮੰਗ ਕੀਤੀ ਗਈ।