ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਜਨਵਰੀ
ਗੌਰਮਿੰਟ ਟੀਚਜ਼ ਯੂਨੀਅਨ ਨੇ ਚੋਣ ਜ਼ਾਬਤਾ ਲੱਗਣ ਤੋਂ ਇੱਕ ਦਿਨ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਪਾਰਦਰਸ਼ੀ ਬਦਲੀ ਨੀਤੀ ਨੂੰ ਛਿੱਕੇ ਟੰਗ ਕੇ ਕੀਤੀਆਂ ਸੈਂਕੜੇ ਬਦਲੀਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਮਾਨ, ਜਨਰਲ ਸਕੱਤਰ ਪ੍ਰਭਜੀਤ ਸਿੰਘ ਰਸੂਲਪੁਰ, ਹੁਸ਼ਿਆਰ ਸਿੰਘ, ਰਣਜੋਧ ਸਿੰਘ, ਇਕਬਾਲ ਸਿੰਘ, ਇੰਦਰਜੀਤ ਸਿੰਗਲਾ, ਕੁਲਵਿੰਦਰ ਖੰਨਾ, ਪੰਕਜ ਕੌਂਸਲ, ਅਮਨਦੀਪ ਖੇੜਾ ਅਤੇ ਰੋਹਿਤ ਅਵਸਥੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਿੱਖਿਆ ਵਿਭਾਗ ਵਿੱਚ ਸਿਆਸੀ ਲਾਹਾ ਲੈਣ ਲਈ ਕੀਤੀਆਂ ਸਿਆਸੀ ਬਦਲੀਆਂ ਵਿੱਚੋਂ ਸ਼ਰੇਆਮ ਭ੍ਰਿਸ਼ਟਾਚਾਰ ਦੀ ਬੋਅ ਆਉਂਦੀ ਹੈ। ਇਨ੍ਹਾਂ ਬਦਲੀਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਸਿੱਖਿਆ ਵਿਭਾਗ ਵਿੱਚ ਲਾਗੂ ਕੀਤੀ ਬਦਲੀ ਨੀਤੀ 2019 ਦੇ ਭੋਗ ਪਾਉਣ ਦੀ ਤਿਆਰੀ ਹੈ, ਜਿਹੜੀ ਬਦਲੀ ਨੀਤੀ ਅਧਿਆਪਕ ਜਥੇਬੰਦੀਆਂ ਦੇ ਅੰਦੋਲਨਾਂ ਦੇ ਦਬਾਅ ਸਦਕਾ ਹੋਂਦ ਵਿੱਚ ਆਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਖੌਤੀ ਇਮਾਨਦਾਰ ਬਣਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਪਾਇਆ ਹੋਇਆ ਇਮਾਨਦਾਰੀ ਦਾ ਨਕਾਬ ਵੀ ਲੋਕਾਂ ਦੀ ਕਚਿਹਰੀ ਵਿੱਚ ਉੱਤਰ ਗਿਆ ਹੈ। ਉਨ੍ਹਾਂ ਨੇ ਸਿੱਖਿਆ ਮੰਤਰੀ ਨੂੰ ਸਵਾਲ ਕੀਤਾ ਕਿ ਪਿਛਲੇ ਸਮੇਂ ਵਿੱਚ ਬਦਲੀ ਨੀਤੀ ਤਹਿਤ ਬਦਲੀ ਕਰਵਾ ਚੁੱਕੇ ਉਨ੍ਹਾਂ ਅਧਿਆਪਕਾਂ ਦਾ ਕੀ ਕਸੂਰ ਹੈ ਜਿਨ੍ਹਾਂ ਨੂੰ ਬੇਲੋੜੀਆਂ ਸ਼ਰਤਾਂ ਲਾ ਕੇ ਫਾਰਗ ਨਹੀਂ ਕੀਤਾ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਪੁਰਾਣੇ ਬਦਲੀ ਕਰਵਾ ਚੁੱਕੇ ਸਾਰੇ ਅਧਿਆਪਕਾਂ ਨੂੰ ਤਫਾਰਗ ਕੀਤਾ ਜਾਵੇ।