ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਮੀਟਿੰਗ ਅੱਜ ਪਿੰਡ ਸਵੱਦੀ ਕਲਾਂ ਵਿਚ ਹੋਈ। ਜਥੇਬੰਦੀ ਨੇ ਪਿਆਰੇਆਣਾ (ਫ਼ਿਰੋਜ਼ਪੁਰ) ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਆਮਦ ਸਬੰਧੀ ਰੋਸ ਪ੍ਰਦਰਸ਼ਨ ਕਰ ਰਹੇ 150 ਕਿਸਾਨ ਯੋਧਿਆਂ ਸਿਰ ਝੂਠੇ ਪੁਲੀਸ ਕੇਸ ਦਰਜ ਕਰਨ ਦੀ ਨਿਖੇਧੀ ਕਰਦਿਆਂ ਇਹ ਪਰਚੇ ਫੌਰੀ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨਾਲ ਸਬੰਧਤ ਕਈ ਮੰਗਾਂ ਹਾਲੇ ਵੀ ਅੱਧ-ਵਿਚਕਾਰ ਲਮਕੀਆਂ ਹੋਈਆਂ ਹਨ। ਸਰਕਾਰਾਂ ਇਨ੍ਹਾਂ ਮੰਗਾਂ ਨੂੰ ਕੀਤੇ ਵਾਅਦੇ ਅਨੁਸਾਰ ਪੂਰਾ ਕਰੇ ਨਹੀਂ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਲਈ ਮਜਬੂਰ ਹੋਣਗੀਆਂ। ਇਸ ਮੌਕੇ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਤਾਲਮੇਲ ਕਮੇਟੀ ਨੇ ਸਤਨਾਮ ਸਿੰਘ ਮੋਰਕਰੀਮਾਂ ਨੂੰ ਪ੍ਰਧਾਨ, ਕੈਪਟਨ ਕੁਲਰਾਜ ਸਿੰਘ ਸਿੱਧਵਾਂ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਦਿਆਲ ਸਿੰਘ ਤਲਵੰਡੀ ਨੂੰ ਮੀਤ ਪ੍ਰਧਾਨ, ਜਸਦੇਵ ਸਿੰਘ ਲਲਤੋਂ ਨੂੰ ਸਕੱਤਰ, ਮਨਮੋਹਨ ਸਿੰਘ ਪੰਡੋਰੀ ਨੂੰ ਮੀਤ ਸਕੱਤਰ ਤੇ ਸਰਵਿੰਦਰ ਸਿੰਘ ਸੁੁਧਾਰ ਨੂੰ ਮੀਤ ਸਕੱਤਰ, ਆਤਮਾ ਸਿੰਘ ਬੋਪਾਰਾਏ ਨੂੰ ਖਜ਼ਾਨਚੀ, ਰਣਜੀਤ ਸਿੰਘ ਗੁੜੇ ਤੇ ਜਸਵੰਤ ਸਿੰਘ ਮਾਨ ਨੂੰ ਉੱਪ ਖਜ਼ਾਨਚੀ, ਡਾ. ਗੁਰਮੇਲ ਸਿੰਘ ਕੁਲਾਰ ਨੂੰ ਮੁੱਖ ਸਲਾਹਕਾਰ, ਬਲਜੀਤ ਸਿੰਘ ਸਵੱਦੀ ਤੇ ਜਗਮੋਹਣ ਸਿੰਘ ਸਵੱਦੀ ਨੂੰ ਸਲਾਹਕਾਰ ਚੁਣਿਆ। ਕਮੇਟੀ ਮੈਂਬਰਾਂ ਵਿੱਚ ਇੰਦਰਜੀਤ ਸਿੰਘ ਪੱਬੀਆਂ, ਗੁਰਮੇਲ ਸਿੰਘ ਢੱਟ, ਹਰਦੀਪ ਸਿੰਘ ਹਾਂਸ, ਸੂਬੇਦਾਰ ਮਲਕੀਤ ਸਿੰਘ ਵਿਰਕ ਤੇ ਅਵਤਾਰ ਸਿੰਘ ਤਲਵੰਡੀ ਸ਼ਾਮਲ ਹਨ। ਹਿਸਾਬ ਰੱਖਣ ਲਈ ਤਿੰਨ ਮੈਂਬਰੀ ਕਮੇਟੀ ’ਚ ਕੈਪਟਨ ਕੁਲਰਾਜ ਸਿੰਘ ਸਿੱਧਵਾਂ, ਗੁਰਦਿਆਲ ਸਿੰਘ ਤਲਵੰਡੀ ਤੇ ਗੁਰਮੇਲ ਸਿੰਘ ਢੱਟ ਨੂੰ ਨਿਯੁਕਤ ਕੀਤਾ ਗਿਆ।