ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਮਈ
ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ ਵਿਚ ਅੱਜ ਕਰਵਾਏ ਡਿਗਰੀ ਵੰਡ ਸਮਾਗਮ ਵਿੱਚ 457 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ ਗਈ। ਸਮਾਗਮ ਵਿੱਚ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਅਤੇ ਸਾਬਕਾ ਆਈਪੀਐਸ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੇ ਆਰੰਭ ਵਿੱਚ ਕਾਲਜ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਕਾਲਜ ਦੀ ਰਿਪੋਰਟ ਪੜ੍ਹ ਕੇ ਸੁਣਾਈ। ਇਸ ਤੋਂ ਇਲਾਵਾ ਪਾਠਕ੍ਰਮ ਅਤੇ ਸਹਿ-ਪਾਠਕ੍ਰਮ ਦੀਆਂ ਗਤੀਵਿਧੀਆਂ ਵਿਚ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੀ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ ਗਈ। ਮੁੱਖ ਮਹਿਮਾਨ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਚਰਿੱਤਰ ਨਿਰਮਾਣ, ਸਵੈ-ਅਨੁਸ਼ਾਸਨ ਅਤੇ ਸਵੈ-ਵਿਸ਼ਵਾਸ ਤਿੰਨ ਸਭ ਤੋਂ ਮਹੱਤਵਪੂਰਨ ਗੁਣ ਹਨ। ਇਨ੍ਹਾਂ ਨੂੰ ਹਰ ਵਿਦਿਆਰਥੀ ਨੂੰ ਸਫ਼ਲ ਕਰੀਅਰ ਲਈ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਡੀ ਸਿੱਖਿਆ ਸਾਡੇ ਸਮਾਜ ਅਤੇ ਦੇਸ਼ ਲਈ ਲਾਹੇਵੰਦ ਹੋਣੀ ਚਾਹੀਦੀ ਹੈ।
ਅੱਜ ਦੇ ਡਿਗਰੀ ਵੰਡ ਸਮਾਗਮ ਵਿੱਚ ਐਮਏ ਅੰਗਰੇਜ਼ੀ, ਐਮ.ਕਾਮ, ਪੀਜੀਡੀਐਮਸੀ ਅਤੇ ਪੀਜੀਡੀਸੀਏ ਦੀਆਂ ਆਨਰਜ਼ ਅਤੇ ਪੋਸਟ-ਗ੍ਰੈਜੂਏਟ ਕਲਾਸਾਂ ਤੋਂ ਇਲਾਵਾ ਬੀਏ, ਬੀਕਾਮ, ਬੀਸੀਏ ਅਤੇ ਬੀਬੀਏ ਦੇ 457 ਗ੍ਰੈਜੂਏਟਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਸਮਾਗਮ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਣੇ ਵੱਡੀ ਗਿਣਤੀ ਵਿੱਚ ਮਹਿਮਾਨ ਸ਼ਾਮਲ ਸਨ।