ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 9 ਅਪਰੈਲ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਵਿਖੇ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਦੀ ਅਗਵਾਈ ਹੇਠ ਕਾਨਵੋਕੇਸ਼ਨ ਸਮਾਗਮ ਕਰਵਾਇਆ ਗਿਆ, ਜਿਸ ਵਿਚ 218 ਵਿਦਿਆਰਥਣਾਂ ਨੂੰ ਡਿਗਰੀਆਂ ਸੌਂਪੀਆਂ ਗਈਆਂ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਕਲਰ ਤੇ ਐਵਾਰਡ ਆਫ਼ ਆਨਰਜ਼ ਨਾਲ ਸਨਮਾਨਿਤ ਕੀਤਾ। ਸਮਾਗਮ ਦੀ ਸ਼ੁਰੂਆਤ ਵਿੱਚ ਕਾਲਜ ਦੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਨੇ ਕਨਵੋਕੇਸ਼ਨ ਦੌਰਾਨ ਕਾਲਜ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇੱਕ ਲੜਕੀ ਪੂਰੇ ਸਮਾਜ ਦਾ ਧੁਰਾ ਹੁੰਦੀ ਹੈ, ਜਿਸ ਵੱਲੋਂ ਚੰਗੇ ਸਮਾਜ ਦੀ ਸਿਰਜਨਾ ਕੀਤੀ ਜਾਂਦੀ ਹੈ ਕਿਉਂਕਿ ਜੇ ਹਰ ਘਰ ਦੀ ਲੜਕੀ ਸਿੱਖਿਆ ਗ੍ਰਹਿਣ ਕਰ ਲਵੇ ਤਾਂ ਪੂਰਾ ਸਮਾਜ ਪੜ੍ਹ ਜਾਂਦਾ ਹੈ। ਉਨ੍ਹਾਂ ਨੇ ਵਿਦਿਆਰਥਣਾਂ ਵੱਲੋਂ ਵੱਖ-ਵੱਖ ਗਤੀਵਿਧੀਆਂ ਵਿਚ ਨਾਮਣਾ ਖੱਟ ਕੇ ਕਾਲਜ ਦਾ ਇਲਾਕੇ ’ਚ ਮਾਣ ਵਧਾਉਣ ਦੀ ਸ਼ਲਾਘਾ ਕੀਤੀ। ਐਡਵੋਕੇਟ ਧਾਮੀ ਨੇ ਹੋਣਹਾਰ ਵਿਦਿਆਰਥਣਾਂ ਨੂੰ 3100 ਅਤੇ 2100 ਰੁਪਏ ਇਨਾਮ ਵਜੋਂ ਦੇਣ ਦੇ ਐਲਾਨ ਵੀ ਕੀਤਾ। ਪ੍ਰੋਗਰਾਮ ਦੇ ਅੰਤ ’ਚ ਕਾਲਜ ਦੀ ਵਿਦਿਆਰਥਣ ਨਾਜ਼ਿਮਾ ਵੱਲੋਂ ਵਿਸ਼ੇਸ਼ ਤੌਰ ’ਤੇ ਸੂਫ਼ੀ ਕਲਾਮ ਪੇਸ਼ ਕਰਕੇ ਸਮਾਂ ਬੰਨ੍ਹਿਆ ਗਿਆ।
ਮਾਤਾ ਗੰਗਾ ਕਾਲਜ ਵਿੱਚ ਕਾਨਵੋਕੇਸ਼ਨ
ਖੰਨਾ (ਜੋਗਿੰਦਰ ਸਿੰਘ ਓਬਰਾਏ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਕਾਰਜਸ਼ੀਲ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿੱਚ ਕਾਨਵੋਕੇਸ਼ਨ ਤੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਕਾਲਜ ਤੇ ਵਿਦਿਆਰਥੀਆਂ ਦੀਆਂ ਵਿਦਿਅਕ ਗਤੀਵਿਧੀਆਂ ਤੇ ਪ੍ਰਾਪਤੀਆਂ ਸਬੰਧੀ ਰਿਪੋਰਟ ਪੜ੍ਹੀ। ਐਡਵੋਕੇਟ ਧਾਮੀ ਨੇ 350 ਤੋਂ ਵਧੇਰੇ ਗਰੈਜੂਏਟ ਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਵੱਖ-ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਕਿਰਪਾਲ ਸਿੰਘ ਬਡੂੰਗਰ, ਡਾ. ਤੇਜਿੰਦਰ ਕੌਰ ਧਾਲੀਵਾਲ, ਵਿਧਾਇਕ ਮਨਪ੍ਰੀਤ ਸਿੰਘ ਇਆਲੀ ਆਦਿ ਹਾਜ਼ਰ ਸਨ।