ਲੁਧਿਆਣਾ: ਸਾਊਦੀ ਅਰਬ ’ਚ ਵੱਸਦੇ ਪੰਜਾਬੀ ਨਾਵਲਕਾਰ ਸੁਰਿੰਦਰ ਸਿੰਘ ਦਾਊਮਾਜਰਾ ਦੇ ਪਲੇਠੇ ਨਾਵਲ ਨੇਤਰ ਦਾ ਤੀਜਾ ਐਡੀਸ਼ਨ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ ਕੀਤਾ ਗਿਆ ਹੈ। ਇਸ ਮੌਕੇ ਪ੍ਰੋ. ਗਿੱਲ ਨੇ ਕਿਹਾ ਕਿ ਲੇਖਕ ਦੇ ਨਾਵਲ ਦਾ ਤੀਜਾ ਐਡੀਸ਼ਨ ਪ੍ਰਕਾਸ਼ਿਤ ਹੋਣਾ, ਜਿੱਥੇ ਸਿਰਜਕ ਦੀ ਸਮਰੱਥਾ ਦੀ ਤਸਦੀਕ ਹੈ, ਉਥੇ ਇਹ ਵੀ ਪ੍ਰਮਾਣਿਤ ਹੋ ਗਿਆ ਹੈ ਕਿ ਨੌਜਵਾਨ ਪੀੜ੍ਹੀ ਦਾ ਸਾਹਿਤ ਪੜ੍ਹਨ ਵੱਲ ਰੂਝਾਨ ਵਧਿਆ ਹੈ। ਇਸ ਨਾਵਲ ਨੂੰ ਅਮਰੀਕਾ ਵੱਸਦੀ ਲੇਖਿਕਾ ਪਰਵੇਜ਼ ਸੰਧੂ ਨੇ ਆਪਣੀ ਪੁੱਤਰੀ ਦੀ ਯਾਦ ’ਚ ਸਥਾਪਤ ਸੰਸਥਾ ਸਵੀਨਾ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਕੀਤਾ ਹੈ। ਨਾਵਲ ਬਾਰੇ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਦਾਊਮਾਜਰਾ ਨੇ ਦੱਸਿਆ ਕਿ ਇਹ ਨਾਵਲ ਮੇਰੇ ਪਿੰਡ ਨੂੰ ਸਮਰਪਿਤ ਹੈ, ਜਿਸਨੇ ਮੈਨੂੰ ਆਪਣਾ ਨਾਮ ਦਿੱਤਾ ਹੈ। ਸੁਰਿੰਦਰ ਸਿੰਘ ਦੇ ਇਸ ਨਾਵਲ ਨੂੰ ਪਾਠਕਾਂ ਦੇ ਵਿਸ਼ਾਲ ਘੇਰੇ ਵਿੱਚ ਪਹੁੰਚਾਉਣ ਵਾਲੇ ਵਰਿੰਦਰ ਸਿੰਘ ਸੇਖੋਂ ਨੇ ਕਿਹਾ ਹੈ ਕਿ ਇਸ ਨਾਵਲ ਦੀ ਭਾਸ਼ਾ ਸਰਲ ਸੁਖੈਲ ਤੇ ਹਰ ਵਿਅਕਤੀ ਦੇ ਸਮਝ ਪੈਣ ਵਾਲੀ ਹੋਣ ਕਾਰਨ ਇਸ ਨੂੰ ਪੰਜਾਬੀ ਪਾਠਕਾਂ ਨੇ ਪਿਆਰਿਆ ਹੈ। -ਨਿੱਜੀ ਪੱਤਰ ਪ੍ਰੇਰਕ