ਸਤਵਿੰਦਰ ਬਸਰਾ
ਲੁਧਿਆਣਾ, 16 ਅਪਰੈਲ
ਕੈਨੇਡਾ ਵਸਦੀ ਕਵਿਤਰੀ ਸੁਰਜੀਤ ਦੀ ਕਾਵਿ ਪੁਸਤਕ ‘ਤੇਰੀ ਰੰਗਸ਼ਾਲਾ’ ਨੂੰ ਲੋਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਵਿੱਚ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਅਕਾਦਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਆਦਿ ਹਾਜ਼ਰ ਸਨ। ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਸੁਰਜੀਤ ਖ਼ੁਦ ਨੂੰ ਕਵਿਤਾ ਵਿਚ ਅਨੁਵਾਦ ਕਰਦਿਆਂ ਉਹ ਬਹੁਤੀ ਨਾਰੀ ਕਵਿਤਾ ਵਾਂਗ ਮਰਦ ਅਧੀਨਗੀ ਦਾ ਰੁਦਨ ਨਹੀਂ ਕਰਦੀ ਸਗੋਂ ਬਰਾਬਰ ਤੁਰਨ ਦਾ ਸੁਨੇਹੜਾ ਦਿੰਦੀ ਹੈ। ਡਾ. ਪਾਤਰ ਨੇ ਕਿਹਾ ਕਿ ਸੁਰਜੀਤ ਦੀ ਆਜ਼ਾਦ ਕਵਿਤਾ ਵਿੱਚ ਵੀ ਅਨੁਸ਼ਾਸਨ ਹੈ। ਉਸ ਕੋਲ ਤਰਲ ਮਨ ਦੇ ਨਾਲ-ਨਾਲ ਵਿਸ਼ਲੇਸ਼ਣੀ ਅੱਖ ਵੀ ਹੈ, ਜੋ ਵਿਸ਼ਵ ਵਰਤਾਰੇ ਦੇ ਸਮੁੱਚੇ ਸੱਚ ਨੂੰ ਕਵਿਤਾ ਵਿੱਚ ਢਾਲਦੀ ਹੈ।
ਸੁਪਨਸਾਜ਼ ਵੱਲੋਂ ਮੁਖਤਿਆਰ ਸਿੰਘ ਦੀਆਂ ਕਹਾਣੀਆਂ ’ਤੇ ਗੋਸ਼ਟੀ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਨਰੋਤਮ ਵਿੱਦਿਆ ਮੰਦਰ ਵਿੱਚ ਸੁਪਨਸਾਜ਼ ਵੱਲੋਂ ਕਹਾਣੀਕਾਰ ਮੁਖਤਿਆਰ ਸਿੰਘ ਦੇ ਕਹਾਣੀ ਸੰਗ੍ਰਹਿ ‘ਮੇਰੀਆਂ ਚੋਣਵੀਆਂ ਕਹਾਣੀਆਂ’ ਉੱਤੇ ਗੋਸ਼ਟੀ ਕਰਵਾਈ ਗਈ, ਜਿਸ ਦਾ ਆਰੰਭ ਕਵੀ ਸੰਦੀਪ ਸ਼ਰਮਾ (ਜ਼ਿਲ੍ਹਾ ਭਾਸ਼ਾ ਅਫ਼ਸਰ) ਨੇ ਆਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਨਾਲ ਸਮਾਗਮ ਨੂੰ ਰੰਗਲਾ ਬਣਾਉਂਦਿਆਂ ਕੀਤਾ। ਕਹਾਣੀਕਾਰ ਜਸਵੀਰ ਰਾਣਾ ਨੇ ਕਿਹਾ ਕਿ ਮੁਖਤਿਆਰ ਸਿੰਘ ਦੀ ਚਰਚਿਤ ਪੁਸਤਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਕਹਾਣੀ ਹੈ, ਜੋ ਪੰਜਾਬ ਦੇ ਭਵਿੱਖ ਦਾ ਨਕਸ਼ਾ ਉਘਾੜਦੀ ਹੈ। ਇਸ ਮੌਕੇ ਪੰਜਾਬੀ ਦੇ ਕਵੀ ਅਤੇ ਵਾਰਤਕਕਾਰ ਜਸਵੰਤ ਜ਼ਫ਼ਰ ਦੀ ਪੁਸਤਕ ‘ਭਗਤ ਸਤਿਗੁਰੂ ਹਮਾਰਾ’ ਦਾ ਦੂਜਾ ਅਡੀਸ਼ਨ ਲੋਕ ਅਰਪਣ ਕੀਤਾ ਗਿਆ।