ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਮਈ
ਸਨਅਤੀ ਸ਼ਹਿਰ ਨੂਰਵਾਲਾ ਰੋਡ ਸਥਿਤ ਬਸੰਤ ਬਿਹਾਰ ਕਲੋਨੀ ’ਚ 6 ਸਾਲ ਦੇ ਬੱਚੇ ਦੀ ਮੌਤ ਹੋਣ ’ਤੇ ਪਰਿਵਾਰ ਵਾਲਿਆਂ ਨੇ ਡਾਕਟਰ ’ਤੇ ਇਲਾਜ ਦੌਰਾਨ ਲਾਪ੍ਰਵਾਹੀ ਵਰਤਣ ਦਾ ਦੋਸ਼ ਲਾਇਆ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ ਤੇ ਮਾਮਲੇ ਦੀ ਜਾਂਚ ’ਚ ਲੱਗੀ ਹੋਈ ਹੈ। ਮ੍ਰਿਤਕ ਬੱਚੇ ਗਣੇਸ਼ ਪੰਡਿਤ ਦੇ ਪਿਤਾ ਮਨਜੀਤ ਪੰਡਿਤ ਨੇ ਦੱਸਿਆ ਕਿ ਉਹ ਮੂਲ ਰੂਪ ’ਚ ਬਿਹਾਰ ਦਾ ਰਹਿਣ ਵਾਲਾ ਹੈ। ਉਹ 10 ਮਈ ਨੂੰ ਦੁਪਹਿਰ 2 ਵਜੇ ਉਹ ਆਪਣੇ ਬਿਮਾਰ ਲੜਕੇ ਗਣੇਸ਼ ਨੂੰ ਲੈ ਕੇ ਕਲੀਨਿਕ ’ਤੇ ਆਏ ਸਨ। ਡਾਕਟਰ ਨੇ ਖੂਨ ਟੈਸਟ ਕਰਵਾਇਆ ਤੇ ਸ਼ਾਮ ਨੂੰ ਬੁਲਾਇਆ। ਜਦੋਂ ਸ਼ਾਮ ਨੂੰ ਬੱਚੇ ਨੂੰ ਲੈ ਕੇ ਉਹ ਆਇਆ ਤਾਂ ਡਾਕਟਰ ਨੇ ਦੱਸਿਆ ਕਿ ਸੈੱਲ ਘੱਟ ਹਨ ਤੇ ਦਾਖਲ ਕਰ ਲਿਆ ਤੇ ਪਾਣੀ ਦੀਆਂ ਕਈ ਬੋਤਲਾਂ ਚੜ੍ਹਾ ਦਿੱਤੀਆਂ, ਜਿਸ ਮਗਰੋਂ ਬੱਚੇ ਦੀ ਸਿਹਤ ਖਰਾਬ ਹੋਣ ਲੱਗੀ। ਡਾਕਟਰ ਨੇ ਉਨ੍ਹਾਂ ਨੂੰ ਬੱਚੇ ਨੂੰ ਰਾਮਾ ਚੈਰੀਟੇਬਲ ਹਸਪਤਾਲ ਲੈ ਜਾਣ ਲਈ ਕਿਹਾ, ਜਿੱਥੇ ਉਸ ਦੀ ਹਾਲਤ ਹੋਰ ਖਰਾਬ ਹੋ ਗਈ ਤਾਂ ਉਸ ਨੂੰ ਇਲਾਜ ਲਈ ਸੀਐੱਮਸੀ ਭੇਜ ਦਿੱਤਾ ਗਿਆ, ਪਰ ਉਥੋਂ ਬੱਚੇ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਲਿਜਾਂਦੇ ਸਮੇਂ ਰਸਤੇ ’ਚ ਹੀ ਬੱਚੇ ਦੀ ਮੌਤ ਹੋ ਗਈ। ਮਨਜੀਤ ਮੁਤਾਬਕ ਬੱਚੇ ਦੀ ਮੌਤ ਲਈ ਡਾਕਟਰ ਜ਼ਿੰਮੇਵਾਰ ਹੈ। ਥਾਣਾ ਬਸਤੀ ਦੇ ਐਸਐਚਓ ਡੀਐੱਸ ਦਿਓਲ ਨੇ ਮੌਕੇ ਪੁੱਜ ਕੇ ਪੀੜਤ ਪਰਿਵਾਰ ਨੂੰ ਜਾਂਚ ਤੋਂ ਬਾਅਦ ਕਾਰਵਾਈ ਦਾ ਭਰੋਸਾ ਦਿੱਤਾ ਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਇਆ।