ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਮਈ
ਲੁਧਿਆਣਾ ਦੀ ਸੜਕਾਂ ’ਤੇ ਖੜ੍ਹ ਕੇ ਜੁਰਾਬਾਂ ਵੇਚਣ ਵਾਲੇ ਵੰਸ਼ ਨੂੰ ਅੱਜ ਡੀਸੀ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਸਥਾਨਕ ਸਰਕਾਰੀ ਸਕੂਲ ’ਚ ਦਾਖਲ ਕਰਵਾ ਦਿੱਤਾ ਹੈ। ਡੀਸੀ ਨੇ ਵੰਸ਼ ਦੇ ਪਿਤਾ ਪਰਮਜੀਤ ਸਿੰਘ ਨੂੰ 2 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ ਹੈ। ਸ੍ਰੀ ਸ਼ਰਮਾ ਨੇ ਵੰਸ਼ ਦੇ ਵੱਡੇ ਭਰਾ ਮੰਨਤ ਸਿੰਘ ਨੂੰ ਵੀ ਉਸੇ ਸਕੂਲ ਵਿਚ 10ਵੀਂ ਜਮਾਤ ਵਿੱਚ ਦਾਖਲ ਕਰਵਾਇਆ ਹੈ। ਡੀਸੀ ਨੇ ਆਸ ਪ੍ਰਗਟਾਈ ਕਿ ਦੋਵੇ ਬੱਚੇ ਪੜ੍ਹ ਕੇ ਆਪਣੀ ਜ਼ਿੰਦਗੀ ਵਿੱਚ ਬੁਲੰਦੀਆਂ ਹਾਸਲ ਕਰਦਿਆਂ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ। ਉਨ੍ਹਾਂ ਪਿਤਾ ਪਰਮਜੀਤ ਅਤੇ ਮਾਂ ਰਾਣੀ ਨੂੰ ਦੋਵੇਂ ਲੜਕਿਆਂ ਦੀ ਸਕੂਲ ਵਿੱਚ ਪੜ੍ਹਾਈ ਪੂਰੀ ਕਰਵਾਉਣ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਦੱਸਣਯੋਗ ਹੈ ਕਿ 7 ਮਈ ਨੂੰ ਵੰਸ਼ ਦੀ ਵਾਇਰਲ ਹੋਈ ਵੀਡੀਓ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੰਸ਼ ਨੂੰ ਇਕ ਵੀਡੀਓ ਕਾਲ ਕੀਤੀ ਸੀ ਤੇ ਪਰਿਵਾਰ ਨੂੰ ਤੁਰੰਤ ਸਹਾਇਤਾ ਲਈ 2 ਲੱਖ ਰੁਪਏ ਤੋਂ ਇਲਾਵਾ ਉਸ ਦੀ ਪੜ੍ਹਾਈ ਵਿੱਚ ਸਰਕਾਰੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ।