ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 27 ਜੁਲਾਈ
ਜਗਰਾਉਂ ਤੋਂ ਪਿੰਡ ਕੋਠੇ ਰਾਹਲਾਂ ਅਤੇ ਬੀੜ ਅਖਾੜਾ ਹੋ ਕੇ ਰਾਏਕੋਟ ਰੋਡ ਨੂੰ ਜੋੜਦੀ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਅਤੇ ਇਸ ’ਤੇ ਪੈਂਦੇ ਪੁਲ ਨੂੰ ਦੁੱਗਣੇ ਤੋਂ ਵੱਧ ਚੌੜਾ ਕਰ ਕੇ ਬਣਾਉਣ ਦਾ ਉਦਘਾਟਨ ਅੱਜ ਸਾਬਕਾ ਕਾਂਗਰਸੀ ਮੰਤਰੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨਾਲ ਮਿਲ ਕੇ ਕੀਤਾ। ਚੇਅਰਮੈਨ ਗਰੇਵਾਲ ਨੇ ਦੱਸਿਆ ਕਿ ਜਗਰਾਉ-ਰਾਏਕੋਟ ਰੋਡ ਵਾਇਆ ਕੋਠੇ ਰਾਹਲਾਂ ਬੀੜ ਅਖਾੜਾ ਸੜਕ ਦੇ ਨਵੀਨੀਕਰਨ ਅਤੇ ਸੂਏ ਉਪਰ ਨਵਾਂ ਪੁੱਲ 11 ਫੁੱਟ ਤੋਂ ਚੌੜਾ ਕਰ ਕੇ 27 ਫੁੱਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਵਿਕਾਸ ਕਾਰਜ ਉਪਰ 54 ਲੱਖ ਰੁਪਏ ਦੀ ਲਾਗਤ ਆਈ ਹੈ। ਚੇਅਰਮੈਨ ਦਾਖਾ ਨੇ ਇਸ ਸਮੇਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਪਾਰਟੀ ਅੰਦਰ ਨਵੀਂ ਰੂਹ ਅਤੇ ਵਰਕਰਾਂ ’ਚ ਨਵਾਂ ਜੋਸ਼ ਭਰਿਆ ਗਿਆ ਹੈ। ਇਸ ਮੌਕੇ ਵਾਈਸ ਚੇਅਰਮੈਨ ਸਿਕੰਦਰ ਸਿੰਘ ਬਰਸਾਲ, ਦਰਸ਼ਨ ਸਿੰਘ ਲੱਖਾ, ਯੂਥ ਆਗੂ ਮਨੀ ਗਰਗ, ਰਵਿੰਦਰ ਸੱਭਰਵਾਲ, ਗੋਪਾਲ ਸ਼ਰਮਾ, ਕੌਂਸਲਰ ਮੇਸ਼ੀ ਸਹੋਤਾ, ਸਰਪੰਚ ਜਗਤਾਰ ਸਿੰਘ, ਕਮਿੱਕਰ ਸਿੰਘ ਜੰਡੀ, ਪਰਮਜੀਤ ਸਿੰਘ, ਬਲਵੀਰ ਸਿੰਘ, ਜਗਤਾਰ ਸਿੰਘ, ਰਮੇਲ਼ਸ਼ ਲਾਲ (ਚਾਰੇ ਪੰਚ), ਗੁਰਮੇਲ ਸਿੰਘ ਮੰਡੇਰ, ਸਿਕੰਦਰ ਸਿੰਘ, ਸੁਰਿੰਦਰ ਸਿੰਘ ਫ਼ੌਜੀ, ਪਰਮਿੰਦਰ ਸਿੰਘ ਜੇਈ ਆਦਿ ਮੌਜੂਦ ਸਨ।