ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 11 ਜੁਲਾਈ
ਇੱਥੇ ਅੱਜ ਵਿਧਾਨ ਸਭਾ ਹਲਕਾ ਜਗਰਾਉਂ ਦੇ ਇੰਚਾਰਜ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਫਿਰੋਜ਼ਪੁਰ-ਲੁਧਿਆਣਾ ਮਾਰਗ ਦੀ ਮਾੜੀ ਹਾਲਤ ਦੇ ਸੁਧਾਰ ਲਈ ਨੈਸ਼ਨਲ ਹਾਈਵੇ ਅਥਾਰਟੀ ਦੇ ਜ਼ਿਲ੍ਹਾ ਅਧਿਕਾਰੀ ਐੱਨਕੇ ਜੈਨ, ਦੇਖਭਾਲ ਅਧਿਕਾਰੀ ਮਿਸ਼ਰਾ, ਤਹਿਸੀਲਦਾਰ ਮਨਮੋਹਨ ਕੌਸ਼ਿਕ ਨੂੰ ਨਾਲ ਲੈ ਕੇ ਨਿਰੀਖਣ ਕੀਤਾ। ਸ੍ਰੀ ਦਾਖਾ ਨੇ ਅਥਾਰਟੀ ਨੂੰ ਮਾਰਗ ਦੀ ਮਾੜੀ ਤਰਸਯੋਗ ਹਾਲਤ ਬਾਰੇ ਜਾਣੂ ਕਰਵਾਉਂਦੇ ਹੋਏ ਸਰਵਿਸ ਰੋਡ ਅਤੇ ਪੁੱਲਾਂ ਦੀ ਖਸਤਾ ਹਾਲਤ ਨਾਲ ਵਾਪਰੇ ਹਾਦਸਿਆਂ ਅਤੇ ਵਿਭਾਗ ਦੀਆਂ ਅਣਗਹਿਲੀਆਂ ਬਾਰੇ ਵੀ ਦੱਸਿਆ। ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਨੇ ਮਾਰਗ ਦੇ ਮਾੜੇ ਹਾਲਾਤ ਬਾਰੇ ਵਿਭਾਗੀ ਤਰੁੱਟੀਆਂ ਨੂੰ ਕਬੂਲਦੇ ਹੋਏ ਜਲਦੀ ਸੁਧਾਰ ਦੀ ਗੱਲ ਕੀਤੀ। ਉਨ੍ਹਾਂ ਇਹ ਗੱਲ ਵੀ ਕਬੂਲੀ ਕਿ ਮਾਰਗ ਦੇ ਪੂਰਾ ਹੋਣ ਦਾ ਕੰਮ ਮਿੱਥੇ ਸਮੇਂ ਤੋਂ ਬਹੁਤ ਪਛੜ ਗਿਆ ਹੈ । ਸ੍ਰੀ ਦਾਖਾ ਨੇ ਕਿਹਾ ਕਿ ਇਹ ਕੰਮ ਪਿਛਲੀ ਸਰਕਾਰ ਵੇਲੇ ਆਰੰਭ ਹੋਇਆ ਸੀ,ਕੇਂਦਰ ਦੀ ਨਿਗਰਾਨੀ ਹੇਠ ਪੂਰਾ ਹੋਣਾ ਸੀ । ਹੁਣ ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਗਰਾਨੀ ਹੇਠ ਜਲਦੀ ਸੁਰੱਖਿਆ ਮਾਪਦੰਡਾਂ ਦੇ ਅਨੁਸਾਰ ਕੰਮ ਪੂਰਾ ਕਰਵਾਉਣ ਦਾ ਵਾਅਦਾ ਕੀਤਾ ।