ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਜੁਲਾਈ
ਇੱਥੇ ਗੁਰਦੁਆਰਾ ਨਾਨਕਸਰ ਕਲੇਰਾਂ ਤੋਂ ਪਿੰਡ ਕਾਉਂਕੇ ਕਲਾਂ ਨੂੰ ਜਾਂਦੀ ਸੜਕ ’ਤੇ ਸੂਏ ਦਾ ਪੁਲ ਚੌੜਾ ਕਰ ਕੇ ਬਣਾਇਆ ਗਿਆ ਹੈ। ਇਸ ਦਾ ਉਦਘਾਟਨ ਅੱਜ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨਾਲ ਮਿਲ ਕੇ ਕੀਤਾ। ਚੇਅਰਮੈਨ ਗਰੇਵਾਲ ਨੇ ਇਸ ਸਮੇਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਦਿੱਤੀ 24 ਲੱਖ ਦੀ ਗਰਾਂਟ ਨਾਲ ਇਹ ਸੂਏ ਦਾ ਪੁਲ 11 ਤੋਂ 27 ਫੁੱਟ ਚੌੜਾ ਕਰ ਕੇ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਨਕਸਰ ਕਲੇਰਾਂ ਵਿਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ ਅਤੇ ਕਾਉਂਕੇ ਕਲਾਂ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੈ। ਕੁਝ ਸਾਲਾਂ ਤੋਂ ਵਾਹਨਾਂ ਦੀ ਗਿਣਤੀ ਅਤੇ ਆਵਾਜਾਈ ਵਧਣ ਕਰ ਕੇ ਲੋਕ ਚਿਰਾਂ ਤੋਂ ਇਹ ਗਿਆਰਾਂ ਫੁੱਟ ਦਾ ਤੰਗ ਪੁਲ ਚੌੜਾ ਕਰ ਕੇ ਬਣਾਉਣ ਦੀ ਮੰਗ ਕਰਦੇ ਸਨ।
ਚੇਅਰਮੈਨ ਦਾਖਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ। ਇਸ ਨਾਲ ਕਾਂਗਰਸੀ ਵਰਕਰਾਂ ’ਚ ਨਵੀਂ ਕਿਸਮ ਦਾ ਜੋਸ਼ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਮਿਲ ਕੇ ਅਗਾਮੀ ਚੋਣ ਲੜਨਗੇ ਅਤੇ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰਕੇ ਮੁੜ ਸੱਤਾ ’ਚ ਆਵੇਗੀ।
ਇਸ ਮੌਕੇ ਸਰਪੰਚ ਜਗਜੀਤ ਸਿੰਘ ਕਾਉਂਕੇ, ਵਾਈਸ ਚੇਅਰਮੈਨ ਸਿਕੰਦਰ ਸਿੰਘ ਬਰਸਾਲ, ਯੂਥ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨੀ ਗਰਗ, ਸਰਪੰਚ ਦਰਸ਼ਨ ਸਿੰਘ ਬਿੱਲੂ, ਜਗਦੀਸ਼ਰ ਸਿੰਘ ਡਾਂਗੀਆ, ਸਰਪੰਚ ਕੁਲਵੰਤ ਸਿੰਘ ਕਾਉਂਕੇ ਖੋਸੇ ਆਦਿ ਮੌਜੂਦ ਸਨ।