ਜਗਰਾਉਂ: ਨੇੜਲੇ ਪਿੰਡ ਲੱਖਾ ‘ਚ ਤੇਜ਼ ਰਫਤਾਰ ਕਾਰ ਚਾਲਕ ਨੇ ਖੇਤੋਂ ਪੱਠੇ ਲਿਆ ਰਹੇ ਰੇਹੜ੍ਹੇ ਅਤੇ ਇੱਕ ਲੋੜਵੰਦ ਪਰਿਵਾਰ ਦੇ ਸਾਈਕਲ ‘ਤੇ ਜਾ ਰਹੇ ਬਜ਼ੁਰਗ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਹਾਦਸੇ ਵਿੱਚੇ ਰੇਹੜ੍ਹਾ ਲਿਜਾ ਰਿਹਾ ਬਲਦ ਅਤੇ ਸਾਈਕਲ ਚਾਲਕ ਹਲਾਕ ਹੋ ਗਏ ਹਨ। ਥਾਣਾ ਹਠੂਰ ਦੀ ਪੁਲੀਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਬਜ਼ੁਰਗ ਰਣਜੀਤ ਸਿੰਘ ਦੇ ਬੇਟੇ ਜਸਪ੍ਰੀਤ ਸਿੰਘ ਵਾਸੀ ਪਿੰਡ ਲੱਖਾ ਅਤੇ ਏ.ਐੱਸ.ਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਗੁਰੂ ਘਰ ਮਹਿਦੇਆਣਾ ਸਾਹਿਬ ਵੱਲੋਂ ਸਾਈਕਲ ‘ਤੇ ਸਵਾਰ ਰਣਜੀਤ ਸਿੰਘ ਆਪਣੇ ਪਿੰਡ ਲੱਖੇ ਨੂੰ ਆ ਰਿਹਾ ਸੀ, ਇਸੇ ਸੜਕ ‘ਤੇ ਇੱਕ ਕਿਸਾਨ ਖੇਤੋਂ ਰੇਹੜ੍ਹੇ ‘ਤੇ ਪੱਠੇ ਲੱਦ ਕੇ ਲਿਆ ਰਿਹਾ ਸੀ। ਪਿੱਛੋਂ ਤੇਜ਼ ਰਫਤਾਰ ਕਾਰ ਸਵਿੱਫਟ ਪੀ.ਬੀ.10 ਐੱਫ.ਕੇ 4885 ਆਈ ਜਿਸ ਨੂੰ ਅਮਨਦੀਪ ਸਿੰਘ ਪੁੱਤਰ ਬਲੌਰ ਸਿੰਘ ਵਾਸੀ ਪਿੰਡ ਲੱਖਾ ਚਲਾ ਰਿਹਾ ਸੀ। ਉਸ ਨੇ ਕਾਰ ਪਹਿਲਾਂ ਰੇਹੜ੍ਹੇ ‘ਚ ਲਿਆ ਮਾਰੀ। ਰੇਹੜ੍ਹਾ ਖੇਤਾਂ ‘ਚ ਪਲਟ ਗਿਆ ਬਾਅਦ ‘ਚ ਰੇਹੜ੍ਹੇ ਦੇ ਅੱਗੇ ਸਾਈਕਲ ‘ਤੇ ਜਾ ਰਹੇ ਰਣਜੀਤ ਸਿੰਘ ‘ਚ ਟੱਕਰ ਮਾਰ ਦਿੱਤੀ, ਜਿਸ ਵਿੱਚ ਮੌਕੇ ‘ਤੇ ਹੀ ਬਲਦ ਅਤੇ ਰਣਜੀਤ ਸਿੰਘ ਦੀ ਮੌਤ ਹੋ ਗਈ। ਏਐੱਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਕਾਰ ਦੀ ਤੇਜ਼ ਰਫਤਾਰੀ ਕਾਰਨ ਵਾਪਰਿਆ ਹੈ। ਕੇਸ ਦਰਜ ਕਰ ਕੇ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।