ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 4 ਅਗਸਤ
ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਪੈਂਦੇ ਪਿੰਡ ਨੂਰਪੁਰਾ ਵਿੱਚ ਸਾਈਕਲ ਸਵਾਰ ਹਰਨੇਕ ਸਿੰਘ ਦੀ ਪੀਆਰਟੀਸੀ ਦੀ ਤੇਜ਼ ਰਫ਼ਤਾਰ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਰਾਏਕੋਟ ਤੋਂ ਲੁਧਿਆਣਾ ਜਾ ਰਹੀ ਬੱਸ ਨੇ ਨੂਰਪੁਰਾ ਬੱਸ ਅੱਡੇ ਦੇ ਨੇੜੇ ਸਾਈਕਲ ਸਵਾਰ ਨੂੰ ਪਿੱਛੇ ਤੋਂ ਟੱਕਰ ਮਾਰੀ, ਜਿਸ ਮਗਰੋਂ ਗੰਭੀਰ ਜ਼ਖ਼ਮੀ ਹਰਨੇਕ ਸਿੰਘ ਨੂੰ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਦਰ ਰਾਏਕੋਟ ਦੀ ਪੁਲੀਸ ਨੇ ਹਰਨੇਕ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਜਾਂਚ ਅਫ਼ਸਰ ਥਾਣੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਫ਼ਰਾਰ ਹੋਏ ਡਰਾਈਵਰ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਮਗਰੋਂ ਹਰਨੇਕ ਸਿੰਘ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।