ਸਤਵਿੰਦਰ ਬਸਰਾ
ਲੁਧਿਆਣਾ, 13 ਫਰਵਰੀ
ਫਿਰੋਜ਼ਪੁਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ’ਚ ਰੁਕਾਵਟ ਦੀ ਸੁਰੱਖਿਆ ਚੂਕ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੌਰੇ ’ਤੇ ਪੁੱਜੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸ਼ਹਿਰ ’ਚ ਆਉਣ ’ਤੇ ਪੁਰਾਣੇ ਸ਼ਹਿਰ ’ਚ ਕਰਫਿਊ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਪੁਲੀਸ ਪ੍ਰਸਾਸ਼ਨ ਦੇਸ਼ ਦੇ ਗ੍ਰਹਿ ਮੰਤਰੀ ਦੀ ਸੁਰੱਖਿਆ ’ਚ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਸੀ, ਇਸ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਲੁਧਿਆਣਾ ਦੌਰੇ ’ਤੇ ਦੁਕਾਨਾਂ ਅੱਧਾ ਦਿਨ ਬੰਦ ਰੱਖਿਆ, ਗ੍ਰਹਿ ਮੰਤਰੀ ਅਮਿਤ ਸ਼ਾਹ ਭਾਵੇਂ ਸਿਰਫ਼ ਇੱਕ ਸਵਾ ਘੰਟਾ ਹੀ ਸ਼ਹਿਰ ਵਿੱਚ ਰਹੇ, ਪਰ ਸੁਰੱਖਿਆ ਦੇ ਪ੍ਰਬੰਧ ਬੀਤੀ ਸ਼ਾਮ ਤੋਂ ਹੀ ਪੁਲੀਸ ਤੇ ਕੇਂਦਰੀ ਏਜੰਸੀਆਂ ਕਰ ਰਹੀਆਂ ਸਨ। ਦਰੇਸੀ ਮੈਦਾਨ ਵਿੱਚ ਜਿਸ ਥਾਂ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਸੀ, ਉਸ ਦੇ ਆਸ-ਪਾਸ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਦੀ ਅੱਜ ਲੁਧਿਆਣਾ ਫੇਰੀ ਨੂੰ ਲੈ ਕੇ ਰਾਹ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਗਾਹਕਾਂ ਨਾਲ ਭਰੇ ਰਹਿਣ ਵਾਲੇ ਬਾਜ਼ਾਰ ਵੀ ਦੁਪਹਿਰ ਤੱਕ ਸੁੰਨ੍ਹੇ ਹੀ ਦਿਖਾਈ ਦਿੱਤੇ। ਬਦਲਵੇਂ ਰਾਹਾਂ ਦੀ ਕੋਈ ਢੁਕਵੀਂ ਪਲਾਨਿੰਗ ਨਾ ਹੋਣ ਕਰਕੇ ਰਾਹਗੀਰਾਂ ਨੂੰ ਕਾਫ਼ੀ ਖੱਜਲ- ਖੁਆਰ ਹੋਣਾ ਪਿਆ।
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੇਂਦਰੀ ਮੰਤਰੀਆਂ ਵੱਲੋਂ ਲੁਧਿਆਣਾ ਵਿੱਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਰੇਸੀ ਮੈਦਾਨ ਵਿੱਚ ਹੋਈ ਇੱਕ ਰੈਲੀ ਦੌਰਾਨ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰੇ ਨੂੰ ਮੁੱਖ ਰੱਖਦਿਆਂ ਸਖ਼ਤ ਪ੍ਰਬੰਧ ਸਨ ਤੇ ਕਿਸੇ ਨੂੰ ਵੀ ਇੱਧਰ-ਉੱਧਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਬਦਲਵੇਂ ਰਾਹਾਂ ਦੀ ਕੋਈ ਅਗਾਊਂ ਪਲਾਨਿੰਗ ਦਿਖਾਈ ਨਹੀਂ ਦੇ ਰਹੀ ਸੀ।
ਭਾਵੇਂ ਰੈਲੀ ਵਾਲੇ ਪਾਸੇ ਆਉਂਦੀਆਂ ਬਹੁਤੀਆਂ ਗਲੀਆਂ ਵੀ ਪੁਲੀਸ ਮੁਲਾਜ਼ਮਾਂ ਵੱਲੋਂ ਬੰਦ ਕੀਤੀਆਂ ਹੋਈਆਂ ਸਨ ਪਰ ਕਈ ਸੜਕਾਂ ਇੱਕ ਪਾਸਿਓਂ ਖੁੱਲ੍ਹੀਆਂ ਹੋਣ ਕਾਰਨ ਲੋਕ ਦਰੇਸੀ ਮੈਦਾਨ ਦੇ ਨੇੜੇ ਤੱਕ ਗੱਡੀਆਂ ਲੈ ਕੇ ਪਹੁੰਚ ਗਏ ਜਿੱਥੋਂ ਉਨ੍ਹਾਂ ਨੂੰ ਬਦਲਵੇਂ ਰਾਹਾਂ ਰਾਹੀਂ ਵਾਪਸ ਭੇਜਣਾ ਪਿਆ। ਇਸ ਦੌਰਾਨ ਕਈ ਰਾਹਗੀਰਾਂ ਦਾ ਕਹਿਣਾ ਸੀ ਕਿ ਅਜਿਹੀਆਂ ਰੈਲੀਆਂ ਸ਼ਹਿਰ ਤੋਂ ਬਾਹਰ ਵਾਲੇ ਮੈਦਾਨਾਂ ’ਤੇ ਹੋਣੀਆਂ ਚਾਹੀਦੀਆਂ ਹਨ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਵਾਲੇ ਰੂਟ ’ਤੇ ਪੈਂਦੀਆਂ ਦੁਕਾਨਾਂ ਸਵੇਰੇ ਤੋਂ ਹੀ ਬੰਦ ਕਰਵਾ ਦਿੱਤੀਆਂ ਗਈਆਂ ਸਨ। ਟਰੈਫਿਕ ਵੀ ਹੋਰ ਸੜਕਾਂ ਰਾਹੀਂ ਭੇਜਿਆ ਜਾ ਰਿਹਾ ਸੀ। ਅੱਜ ਐਤਵਾਰ ਦਾ ਦਿਨ ਹੋਣ ਦੇ ਬਾਵਜੂਦ ਦੁਪਹਿਰ ਤੱਕ ਪੁਰਾਣੀ ਸਬਜ਼ੀ ਮੰਡੀ, ਦਰੇਸੀ ਮੈਦਾਨ ਨੇੜੇ ਦੀ ਮਾਰਕੀਟ, ਚੌੜਾ ਬਾਜ਼ਾਰ, ਕਿਤਾਬ ਬਾਜ਼ਾਰ ਤੇ ਸਰਾਫਾ ਬਾਜ਼ਾਰ ਵਿੱਚ ਸੁੰਨ੍ਹ ਪਸਰੀ ਰਹੀ।
ਸੈਰ ਕਰਨ ਆਏ ਲੋਕ ਘਰ ਭੇਜੇ
ਇਹ ਵੀ ਪਤਾ ਲੱਗਾ ਹੈ ਕਿ ਗ੍ਰਹਿ ਮੰਤਰੀ ਦੀ ਫੇਰੀ ਨੂੰ ਦੇਖਦਿਆਂ ਰੱਖਬਾਗ ਦੇ ਬਾਹਰ ਖੜ੍ਹੇ ਸਕੂਟਰ/ਮੋਟਰਸਾਈਕਲ ਟੋਅ ਕਰ ਲਏ ਗਏ ਜਿਸ ਥਾਂ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੈਲੀਕਾਪਟਰ ਉਤਰਣਾ ਸੀ, ਉੱਥੇ ਵੀ ਰੱਖ ਬਾਗ਼ ਵਿੱਚ ਸੈਰ ਕਰਨ ਆਏ ਲੋਕਾਂ ਨੂੰ ਘਰ ਭੇਜ ਦਿੱਤਾ ਗਿਆ ਤੇ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ। ਲੋਕਾਂ ਨੂੰ ਪਾਰਕ ਵਿੱਚ ਸੈਰ ਕਰਨ ਤੋਂ ਵੀ ਰੋਕ ਦਿੱਤਾ ਗਿਆ ਜਿਸ ਨਾਲ ਰੋਜ਼ਾਨਾ ਸੈਰ ਲਈ ਆਉਣ ਵਾਲੇ ਲੋਕ ਨਿਰਾਸ਼ ਦਿਖਾਈ ਦਿੱਤੇ।