ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਅਕਤੂਬਰ
ਸੀਟੀਯੂ (ਪੰਜਾਬ) ਦੀ ਅਗਵਾਈ ਹੇਠ ਸਨਬੀਮ ਆਟੋ ਫੈਕਟਰੀ ਦੇ ਕਿਰਤੀ ਕਾਮਿਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਕਾਮਰੇਡ ਪਰਮਜੀਤ ਸਿੰਘ ਅਤੇ ਜ਼ਿਲ੍ਹਾ ਜਨਰਲ ਸੈਕਟਰੀ ਜਗਦੀਸ਼ ਚੰਦ ਦੀ ਅਗਵਾਈ ਹੇਠ ਲੇਬਰ ਦਫ਼ਤਰ ਬਾਹਰ ਰੋਸ ਧਰਨਾ ਦੇ ਕੇ ਮੁਜ਼ਾਹਰਾ ਕੀਤਾ ਅਤੇ ਕੱਢੇ ਗਏ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਫੈਕਟਰੀ ਮਾਲਕਾਂ ਵੱਲੋਂ 1200 ਦੇ ਕਰੀਬ ਵਰਕਰਾਂ ਨੂੰ ਨੌਕਰੀਓਂ ਜਵਾਬ ਦੇ ਦਿੱਤਾ ਹੈ ਕਿਉਂਕਿ ਉਹ ਯੂਨੀਅਨ ਬਣਾਉਣ ਦਾ ਹੱਕ ਮੰਗ ਰਹੇ ਸਨ। ਕਾਮਰੇਡ ਜਗਦੀਸ਼ ਚੰਦ ਨੇ ਕਿਹਾ ਕਿ ਫੈਕਟਰੀ ਮਾਲਕਾਂ ਦੀ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਲੜਾਈ ਇਨਸਾਫ਼ ਮਿਲਣ ਤੱਕ ਜਾਰੀ ਰਹੇਗੀ। ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਫੈਕਟਰੀ ਮਾਲਕ ਧੱਕੇਸ਼ਾਹੀ ਨਾ ਕਰਨ ਤੇ ਲੇਬਰ ਮਹਿਕਮਾ ਵਰਕਰਾਂ ਦੇ ਹਿੱਤਾਂ ਅਤੇ ਇਨਸਾਫ਼ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ। ਇਸ ਮੌਕੇ ਤਹਿਸੀਲਦਾਰ ਸਿੰਘ, ਘਣਸ਼ਿਆਮ, ਅਜੀਤ ਕੁਮਾਰ, ਰਘਬੀਰ ਸਿੰਘ, ਬਲਰਾਮ ਯਾਦਵ, ਸੁਦੇਸ਼ਵਰ ਤਿਵਾੜੀ ਅਤੇ ਜੋਗਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ਤੇ ਰੋਸ ਜ਼ਾਹਰ ਕਰਦਿਆਂ ਨਾਅਰੇਬਾਜ਼ੀ ਕੀਤੀ।