ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 5 ਮਈ
‘ਚਿੱਟੇ’ ਸਮੇਤ ਹੋਰ ਨਸ਼ੇ ਛੱਡ ਕੇ ‘ਗੋਲੀ’ ਉੱਤੇ ਲੱਗੇ ਨਸ਼ੇੜੀਆਂ ’ਚ ਕਰੋਨਾ ਮਹਾਮਾਰੀ ਖੌਫ਼ ਘੱਟ ਅਤੇ ਤੋੜ ਦਾ ਡਰ ਜ਼ਿਆਦਾ ਹੈ। ਤਾਂਹੀਓਂ ਉਹ ਰੋਜ਼ਾਨਾ ‘ਓਅਟ’ ਕੇਂਦਰਾਂ ਵਿੱਚ ਆਪਣੀ ਡੋਜ਼ ਲੈਣ ਲਈ ਬਿਨਾ ਨਾਗੇ ਆਉਂਦੇ ਹਨ। ਉਨ੍ਹਾਂ ਲਈ ਗੋਲੀਆਂ ਹਾਸਲ ਕਰਨਾ ਕਿਸੇ ਜੰਗ ਜਿੱਤਣ ਤੋਂ ਘੱਟ ਨਹੀਂ। ਅਜਿਹਾ ਨਜ਼ਾਰਾ ਇਥੋਂ ਦੇ ਮੁੜ ਵਸੇਬਾ ਕੇਂਦਰ ’ਚ ਦੇਖਣ ਨੂੰ ਮਿਲਦਾ ਹੈ, ਜਿਥੇ ਇਨ੍ਹਾਂ ਮਰੀਜ਼ਾਂ ਨੂੰ ਸਰਕਾਰੀ ਗੋਲੀ ਦਿੱਤੀ ਜਾਂਦੀ ਹੈ। ਕੇਂਦਰ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੋਣ ਕਾਰਨ ਅਕਸਰ ਕੇਂਦਰ ਦੇ ਬਾਹਰ ਭੀੜ ਇਕੱਠੀ ਹੋ ਜਾਂਦੀ ਹੈ ਤੇ ਕਰੋਨਾ ਮਹਾਮਾਰੀ ਕਾਰਨ ਜਾਰੀ ਕੀਤੇ ਗਏ ਨਿਯਮਾਂ ਦੀ ਉਲੰਘਣਾ ਵੀ ਹੁੰਦੀ ਹੈ।
ਕਤਾਰ ’ਚ ਲੱਗੇ ਪਿੰਡ ਢੋਲਣ ਦੇ ਪਰਮਿੰਦਰ ਸਿੰਘ ਨੇ ਕਿਹਾ ਕਿ ਸਮਾਜ ਉਨ੍ਹਾਂ ਨੂੰ ‘ਨਸ਼ੇੜੀ’ ਦੀ ਨਜ਼ਰ ਨਾਲ ਹੀ ਦੇਖਦਾ ਹੈ, ਜਦਕਿ ਉਹ ਮਰੀਜ਼ ਹਨ। ਉਸ ਸਮੇਤ ਕਤਾਰ ’ਚ ਲੱਗੇ ਅਮਿਤ ਕੁਮਾਰ, ਕਰਮ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਇਸ ਦੌਰ ’ਚ ਚਾਹੀਦਾ ਤਾਂ ਇਹ ਸੀ ਕਿ ਉਨ੍ਹਾਂ ਨੂੰ ਗੋਲੀਆਂ ਦੇਣ ਲਈ ਕੋਈ ਅਜਿਹਾ ਸਿਸਟਮ ਬਣਾਇਆ ਜਾਂਦਾ ਕਿ ਗਾਈਡਲਾਈਨਜ਼ ਦਾ ਪਾਲਣ ਵੀ ਹੁੰਦਾ ਤੇ ਉਨ੍ਹਾਂ ਨੂੰ ਤੋੜ ਦੀ ਮਾਰ ਵੀ ਨਾ ਝੱਲਣੀ ਪੈਂਦੀ। ਅਜਿਹਾ ਕੋਈ ਪ੍ਰਬੰਧ ਨਾ ਹੋਣ ਕਰਕੇ ਹਦਾਇਤਾਂ ਉਲੰਘ ਕੇ ਕਤਾਰਾਂ ’ਚ ਲੱਗਣਾ ਉਨ੍ਹਾਂ ਦੀ ਮਜਬੂਰੀ ਹੈ ਕਿਉਂਕਿ ਕਰੋਨਾ ਨਾਲ ਤਾਂ ਉਹ ਬਾਅਦ ’ਚ ਪਤਾ ਨਹੀਂ ਮਰਨਗੇ ਜਾਂ ਨਹੀਂ, ਪਰ ਨਸ਼ੇ ਦੀ ਤੋੜ ਨਾਲ ਉਹ ਪਹਿਲਾਂ ਮਰ ਜਾਣਗੇ। ਪਰਮਿੰਦਰ ਸਿੰਘ ਨੇ ਦੱਸਿਆ ਕਿ ਸਟਾਫ਼ ਨੇ ਦਵਾਈ ਲੈਣ ਦੇ ਸਰਕਾਰੀ ਰਜਿਸਟਰ ’ਤੇ ਦਖਸਖ਼ਤ ਕਰਵਾ ਲਏ ਪਰ ਦਵਾਈ ਨਹੀਂ ਦਿੱਤੀ। ਦੁਖੀ ਮਰੀਜ਼ਾਂ ਦਾ ਕਹਿਣਾ ਸੀ ਕਿ ਦਵਾਈ ਦੀਆਂ ਦੋ ਗੋਲੀਆਂ ਜਾਂ ਇੱਕ ਗੋਲੀ ਰੋਜ਼ ਦਿੱਤੀ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦੀ ਦਿਹਾੜੀ ਦਾ ਵੀ ਨੁਕਸਾਨ ਹੁੰਦਾ ਹੈ। ਸਿਵਲ ਹਸਪਤਾਲ ਅਧੀਨ ਪੈਂਦੇ ਇਸ ਕੇਂਦਰ ’ਚ ਤਾਇਨਾਤ ਸਟਾਫ ਨੇ ਦੱਸਿਆ ਕਿ ਇਕ ਮਹਿਲਾ ਡਾਕਟਰ ਦੀ ਇਥੇ ਡਿਊਟੀ ਲੱਗੀ ਹੋਈ ਹੈ ਜੋ ਨਹੀਂ ਆਉਂਦੀ। ਗਾਈਡਲਾਈਜ਼ਨ ਦਾ ਉਲੰਘਣ ਹੋਣ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਲੋਕ ਗੱਲ ਨਹੀਂ ਸੁਣਦੇ। ਐੱਸਐੱਮਓ ਡਾ. ਪਰਦੀਪ ਮਹਿੰਦਰਾ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।