ਜਸਬੀਰ ਸ਼ੇਤਰਾ
ਜਗਰਾਉਂ, 10 ਮਈ
ਦੋ ਦਿਨ ਦੇ ਬੰਦ ਤੋਂ ਬਾਅਦ ਅੱਜ ਸੋਮਵਾਰ ਨੂੰ ਜਿਵੇਂ ਹੀ ਸਰਕਾਰੀ ਹਦਾਇਤਾਂ ਮੁਤਾਬਕ ਬਾਜ਼ਾਰ ਖੁੱਲ੍ਹੇ ਤਾਂ ਭੀੜ ਲੱਗਣੀ ਸ਼ੁਰੂ ਹੋ ਗਈ। ਸਰਕਾਰ ਨੇ ਸਵੇਰੇ 5 ਤੋਂ 12 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਖੁੱਲ੍ਹ ਦਿੱਤੀ ਸੀ ਜਿਸ ਕਰਕੇ ਇਹ ਸਮਾਂ ਸੀਮਾ ਮੁੱਕਣ ਤੋਂ ਪਹਿਲਾਂ ਹਰ ਕਿਸੇ ’ਚ ਖਰੀਦੋ-ਫਰੋਖਤ ਦੀ ਕਾਹਲ ਨਜ਼ਰ ਆਈ। ਜਗਰਾਉਂ ਦੇ ਸਾਰੇ ਮੁੱਖ ਬਾਜ਼ਾਰਾਂ ’ਚ 12 ਵਜੇ ਤੋਂ ਬਾਅਦ ਵੀ ਜਾਮ ਕਾਰਨ ਆਵਾਜਾਈ ਠੱਪ ਰਹੀ। ਆਵਾਜਾਈ ਬਹਾਲ ਹੋਣ ਅਤੇ ਦੁਕਾਨਾਂ ਵਿੱਚੋਂ ਗਾਹਕਾਂ ਦੇ ਮਿੱਥੇ ਸਮੇਂ ਤੱਕ ਬਾਹਰ ਆਉਣ ’ਚ ਵੀ ਸਮਾਂ ਲੱਗਿਆ। ਕਰਿਆਨੇ ਦੀਆਂ ਦੁਕਾਨਾਂ ’ਤੇ ਰਾਸ਼ਨ ਲਈ ਜ਼ਿਆਦਾ ਲੋਕ ਦਿਖਾਈ ਦਿੱਤੇ। ਬਹੁਤ ਸਾਰੇ ਲੋਕ, ਖਾਸਕਰ ਨੌਜਵਾਨਾਂ ਮੋਟਰ ਸਾਈਕਲਾਂ ਤੇ ਹੋਰ ਵਾਹਨਾਂ ’ਤੇ ਘੁੰਮਦੇ ਦਿਖਾਈ ਦਿੱਤੇ। ਕਈਆਂ ਨੇ ਕਾਰਾਂ ਤੇ ਦੋ ਪਹੀਆ ਵਾਹਨਾਂ ’ਤੇ ਮਾਸਕ ਤੱਕ ਨਹੀਂ ਸੀ ਪਾਏ ਹੋਏ। ਕੇਸਾਂ ਪੱਖੋਂ ਜਿਵੇਂ ਕਰੋਨਾ ਦੇ ਰਿਕਾਰਡ ਟੁੱਟ ਰਹੇ ਹਨ ਉਸੇ ਤਰ੍ਹਾਂ ਅੱਜ ਬਾਜ਼ਾਰਾਂ ’ਚ ਭੀੜ ਦੇ ਵੀ ਰਿਕਾਰਡ ਟੁੱਟ ਗਏ। ਇਥੇ ਕਾਲਜ ਰੋਡ, ਰੇਲਵੇ ਰੋਡ, ਲਿੰਕ ਰੋਡ, ਲਾਜਪਤ ਰਾਏ ਰੋਡ, ਨਹਿਰੂ ਮਾਰਕੀਟ, ਰਾਣੀ ਝਾਂਸੀ ਚੌਕ, ਕਮਲ ਚੌਕ, ਅਨਾਰਕਲੀ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ ਰੋਡ, ਤਹਿਸੀਲ ਰੋਡ ਆਦਿ ਹਰ ਪਾਸੇ ਭੀੜ ਹੀ ਭੀੜ ਦਿਖਾਈ ਦਿੱਤੀ। ਜਨਤਕ ਆਗੂ ਕੰਵਲਜੀਤ ਖੰਨਾ ਦਾ ਕਹਿਣਾ ਸੀ ਕਿ ਬਾਜ਼ਾਰ ’ਚ ਅੱਜ ਦੋ ਘੰਟੇ ਜਿੰਨੀ ਭਾਰੀ ਇਕੱਠ ਹੋਇਆ ਉਹ ਸਗੋਂ ਕਰੋਨਾ ਹੋਰ ਫੈ਼ਲਾਉਣ ਦਾ ਕਾਰਨ ਬਣੇਗਾ।