ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਮਾਰਚ
ਪੰਜਾਬ, ਉਤਰ ਪ੍ਰਦੇਸ਼ ਸਣੇ ਦੇਸ਼ ਦੇ ਪੰਜ ਸੂਬਿਆਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕਾਂ ਨੂੰ ਲਗਾਤਾਰ ਮਹਿੰਗਾਈ ਦਾ ਡਰ ਸਤਾਉਣ ਲੱਗਿਆ ਹੈ। ਉਤਰ ਪ੍ਰਦੇਸ਼ ਦੇ ਸੱਤਵੇਂ ਪੜਾਅ ਦੀਆਂ ਵੋਟਾਂ ਪੂਰੀਆਂ ਹੋਣ ਤੋਂ ਬਾਅਦ ਸ਼ਹਿਰ ’ਚ ਦੇਰ ਰਾਤ ਨੂੰ ਕਿਸੇ ਨੇ ਅਫ਼ਵਾਹ ਫੈਲਾ ਦਿੱਤੀ ਕਿ ਮੰਗਲਵਾਰ ਨੂੰ ਪੈਟਰੋਲ ਪੰਪ ਤੇ ਡੀਜ਼ਲ ਦੇ ਕਰੀਬ 25 ਰੁਪਏ ਤੱਕ ਭਾਅ ਵਧ ਸਕਦੇ ਹਨ। ਇਸ ਤੋਂ ਬਾਅਦ ਸਨਅਤੀ ਸ਼ਹਿਰ ਦੇ ਲੋਕ ਆਪਣੇ ਵਾਹਨ ਲੈ ਕੇ ਪੈਟਰੋਲ ਪੰਪਾਂ ’ਤੇ ਪੁੱਜ ਗਏ। ਦੇਰ ਰਾਤ ਤੱਕ ਦੋ ਪਹੀਆ ਵਾਹਨਾਂ ਦੇ ਨਾਲ-ਨਾਲ ਚਾਰ ਪਹੀਆ ਵਾਹਨ ਅਤੇ ਤਿੰਨ ਪਹੀਆ ਵਾਹਨ ਵੀ ਪੰਪਾਂ ’ਤੇ ਪੁੱਜ ਗਏ। ਹਰ ਕੋਈ ਵਿਅਕਤੀ ਆਪਣੇ ਵਾਹਨ ਦੀ ਟੈਂਕੀ ਫੁੱਲ ਕਰਵਾਉਣ ਦੀ ਜਲਦੀ ’ਚ ਸਨ। ਕਈ ਪੈਟਰੋਲ ਪੰਪ ਤਾਂ ਅਜਿਹੇ ਸਨ ਜਿੱਥੇ ਲੰਬੀਆਂ ਕਤਾਰਾਂ ਅਤੇ ਭੀੜ ਲੱਗੀ ਹੋਈ ਸੀ। ਇੱਕਦਮ ਤੋਂ ਇੰਨੇ ਲੋਕ ਦੇਖ ਕੇ ਪੰਪ ਵਾਲੇ ਵੀ ਹੈਰਾਨ ਹੋ ਗਏ। ਉਨ੍ਹਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਕਿਸੇ ਦੀ ਨਹੀਂ ਸੁਣੀ। ਅੰਤ ’ਚ ਕੁਝ ਪੰਪ ਵਾਲੇ ਪੰਪ ਬੰਦ ਕਰ ਚਲੇ ਗਏ ਤੇ ਕੁਝ ਪੰਪਾਂ ’ਤੇ ਦੇਰ ਰਾਤ ਤੱਕ ਪੈਟਰੋਲ ਤੇ ਡੀਜ਼ਲ ਦੋਵੇਂ ਖ਼ਤਮ ਹੋ ਗਏ।
ਲੁਧਿਆਣਾ ਦੇ ਜ਼ਿਆਦਾਤਰ ਪੈਟਰੋਲ ਪੰਪਾਂ ’ਤੇ ਦੇਰ ਰਾਤ ਤੱਕ ਅਜਿਹੀ ਹੀ ਭੀੜ ਦੇਖਣ ਨੂੰ ਮਿਲੀ। ਸ਼ਹਿਰ ਦੇ ਕਈ ਇਲਾਕਿਆਂ ’ਚ ਪੈਟਰੋਲ ਪੰਪਾਂ ’ਤੇ ਤੇਲ ਖ਼ਤਮ ਹੋ ਗਿਆ। ਇਸ ਤੋਂ ਇਲਾਵਾ ਕਈ ਪੰਪਾਂ ’ਤੇ ਲੋਕਾਂ ਨੂੰ ਤੇਲ ਨਾ ਮਿਲਣ ਕਾਰਨ ਉਨ੍ਹਾਂ ਨੂੰ ਵਾਪਸ ਜਾਣਾ ਪਿਆ।
ਹਾਲਾਤ ਇਹ ਹਨ ਕਿ ਰਾਜਪੁਰਾ ਰੋਡ ’ਤੇ ਕੁਝ ਪੈਟਰੋਲ ਪੰਪ ਵਾਲਿਆਂ ਨੇ ਪੰਪ ਬੰਦ ਕਰ ਦਿੱਤੇ ਹਨ। ਲੁਧਿਆਣਾ ’ਚ ਪਿਛਲੇ ਹਫ਼ਤੇ ਤੋਂ ਤੇਲ ਦੀ ਵਿਕਰੀ ’ਚ 30 ਤੋਂ 40 ਫ਼ੀਸਦੀ ਦਾ ਵਾਧਾ ਹੋ ਗਿਆ ਹੈ। ਸ਼ਹਿਰ ’ਚ ਮੰਗਲਵਾਰ ਨੂੰ ਪੈਟਰੋਲ 95.56 ਤੇ ਡੀਜ਼ਲ 84.36 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਰੂਸ-ਯੂਕਰੇਨ ’ਚ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਦੇ ਭਾਅ ’ਚ ਇੰਟਰਾ ਡੇਅ ’ਚ 10 ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਦਾ ਉਛਾਲ ਸੀ, ਜੋ ਦਿਨ ਦੇ ਕਾਰੋਬਾਰ ’ਚ 140 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਪੁੱਜ ਗਿਆ ਹੈ। ਮਾਰਚ ’ਚ ਕੱਚਾ ਤੇਲ 50 ਡਾਲਰ ਪ੍ਰਤੀ ਬੈਰਲ ਮਹਿੰਗਾ ਹੋ ਚੁੱਕਿਆ ਹੈ। ਦੋਵਾਂ ਦੇਸ਼ਾਂ ਵਿੱਚ ਯੁੱਧ ਜਾਰੀ ਰਹਿਣ ਕਾਰਨ ਆਉਣ ਵਾਲੇ ਦਿਨਾਂ ’ਚ ਮਹਿੰਗਾਈ ਹੋਰ ਵੀ ਵਧਣ ਦੇ ਆਸਾਰ ਦੱਸੇ ਜਾ ਰਹੇ ਹਨ।