ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 15 ਅਕਤੂਬਰ
ਇਥੇ ਰੇਲਵੇ ਪਾਰਕ ’ਚ ਚੱਲ ਰਿਹਾ ਕਿਸਾਨ ਮੋਰਚਾ ਅੱਜ 380ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂ ਸਰਬਜੀਤ ਸਿੰਘ ਰੂਮੀ ਦੀ ਪ੍ਰਧਾਨਗੀ ਹੇਠ ਚੱਲੇ ਧਰਨੇ ’ਚ ਸਿੰਘੂ ਬਾਰਡਰ ’ਤੇ ਨੌਜਵਾਨ ਦੇ ਕਤਲ ’ਤੇ ਡੂੰਘਾ ਦੁੱਖ ਜ਼ਾਹਿਰ ਕਰਦਿਆਂ ਦੱਸਿਆ ਗਿਆ ਕਿ ਇਸ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ। ਕਿਸਾਨ ਆਗੂ ਦਰਸ਼ਨ ਸਿੰਘ ਗਾਲਬਿ, ਹਰਚੰਦ ਸਿੰਘ ਢੋਲਣ, ਇੰਦਰਜੀਤ ਸਿੰਘ ਧਾਲੀਵਾਲ, ਦਲਜੀਤ ਸਿੰਘ ਰਸੂਲਪੁਰ ਨੇ ਕੇਂਦਰੀ ਹਕੂਮਤ ਵਲੋਂ ਬੀਐੱਸਐੱਫ ਨੂੰ ਦਿੱਤੇ ਵਸੀਹ ਅਧਿਕਾਰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਦੇਸ਼ ਨੂੰ ਆਰਐੱਸਐੱਸ ਦਾ ਗੁਲਾਮ ਬਣਾਉਣ ਅਤੇ ਕਾਰਪੋਰੇਟ ਦਾ ਸਾਮਰਾਜ ਖੜ੍ਹਾ ਕਰਨ ਲਈ ਇਹ ਰੱਸੇ ਪੈੜੇ ਵੱਟੇ ਜਾ ਰਹੇ ਹਨ। ਇਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਹੁਣ ਤਕ ਕਿਸਾਨ ਸੰਘਰਸ਼ ’ਚ ਸ਼ਹੀਦ ਕਿਸਾਨਾਂ ਮਜ਼ਦੂਰਾਂ ਦੇ ਆਸ਼ਰਿਤਾਂ ਨੂੰ ਆਰਥਿਕ ਸਹਾਇਤਾ ਤੇ ਸਰਕਾਰੀ ਨੌਕਰੀ ਜਲਦੀ ਦੇਣ ਦੀ ਵੀ ਮੰਗ ਕੀਤੀ ਗਈ। ਬੁਲਾਰਿਆਂ ਨੇ ਦੱਸਿਆ ਕਿ 16 ਅਕਤੂਬਰ ਨੂੰ ਰੇਲਵੇ ਪਾਰਕ ’ਚ ਮੋਦੀ ਹਕੂਮਤ ਦੀ ਅਰਥੀ ਫੂਕੀ ਜਾਵੇਗੀ। 18 ਅਕਤੂਬਰ ਦੇ ਰੇਲ ਰੋਕੋ ਐਕਸ਼ਨ ’ਚ ਸ਼ਾਮਲ ਹੋਣ ਲਈ ਪਿੰਡਾਂ ’ਚ ਝੋਨੇ ਦੀ ਕਟਾਈ ਦੇ ਬਾਵਜੂਦ ਪੂਰਾ ਉਤਸ਼ਾਹ ਹੈ। ਇਸੇ ਤਰ੍ਹਾਂ ਚੌਕੀਮਾਨ ਟੌਲ ’ਤੇ ਵੀ ਕਿਸਾਨ ਧਰਨਾ ਦਸਹਿਰੇ ਵਾਲੇ ਦਿਨ ਜਾਰੀ ਰਿਹਾ।
ਹਾਂਸ ਕਲਾਂ ’ਚ ਕਿਸਾਨ ਕਾਨਫਰੰਸ ਅੱਜ
ਗ਼ਦਰ ਲਹਿਰ ਦੇ ਸ਼ਹੀਦ ਉੱਤਮ ਸਿੰਘ ਹਾਂਸ ਦੇ ਪਿੰਡ ਹਾਂਸ ਕਲਾਂ ਵਿੱਚ 16 ਅਕਤੂਬਰ ਨੂੰ ਦੁਪਹਿਰ ਦੋ ਪਿੰਡ ਦੇ ਪੱਕੇ ਦਰਵਾਜ਼ੇ ਵਿੱਚ ਕਿਸਾਨ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਕਾਨਫਰੰਸ ਨੂੰ ਟਿਕਰੀ ਬਾਰਡਰ ’ਤੇ ਪਹਿਲੇ ਦਿਨ ਤੋਂ ਡਟੇ ਹੋਏ ਕੈਲੀਫੋਰਨੀਆ ਹਸਪਤਾਲ ਚਲਾ ਰਹੇ ਸਮਾਜ ਸੇਵੀ ਡਾਕਟਰ ਸਵੈਮਾਨ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ ਹੋਰ ਕਿਸਾਨ ਆਗੂ ਸੰਬੋਧਨ ਕਰਨਗੇ।
ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵੱਲੋਂ ਪੱਕਾ ਮੋਰਚਾ ਜਾਰੀ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਲਲਹੇੜੀ ਚੌਕ ਵਿੱਚ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਵੱਲੋਂ ਕਿਸਾਨ-ਮਜ਼ਦੂਰ ਵਿਰੋਧੀ ਤਿੰਨ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ-2020, ਚਾਰ ਲੇਬਰ ਕੋਡ ਅਤੇ ਪੁਰਾਣਾ ਕਿਰਤ ਕਾਨੂੰਨ ਬਹਾਲ ਕਰਵਾਉਣ ਲਈ ਲਾਇਆ ਪੱਕਾ ਮੋਰਚਾ 20ਵੇਂ ਦਿਨ ਜਾਰੀ ਰਿਹਾ। ਇਸ ਮੌਕੇ ਹਰਚੰਦ ਸਿੰਘ ਅਤੇ ਕਰਨੈਲ ਸਿੰਘ ਇਕੋਲਾਹਾ ਨੇ ਸੰਬੋਧਨ ਕੀਤਾ।