ਪੱਤਰ ਪ੍ਰੇਰਕ
ਜਗਰਾਉਂ, 9 ਅਕਤੂਬਰ
ਡੀ.ਏ.ਪੀ.ਖਾਦ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਇਹ ਪ੍ਰਗਟਾਵਾ ਉਪ-ਮੰਡਲ ਮੈਜਿਸਟਰੇਟ ਵਿਕਾਸ ਹੀਰਾ ਨੇ ਮੰਡਲ ਨਾਲ ਸਬੰਧਤ ਖਾਦ ਡੀਲਰਾਂ ਦੀ ਮੀਟਿੰਗ ਕਰਦਿਆਂ ਕੀਤਾ। ਉਨ੍ਹਾਂ ਡੀਲਰਾਂ ਨੂੰ ਮੁਖਾਤਬਿ ਹੁੰਦਿਆਂ ਆਖਿਆ ਕਿ ਖਾਦ ਦੀ ਵਿਕਰੀ ’ਚ ਕਾਲਾ ਬਜ਼ਾਰੀ ਅਤੇ ਖਾਦ ਵੇਚਣ ਸਮੇਂ ਬੇਲੋੜੀਆਂ ਖੇਤੀ ਵਸਤਾਂ ਨੂੰ ਕਿਸਾਨਾਂ ਸਿਰ ਥੋਪਣ ਵਾਲਿਆਂ ਖਿਲਾਫ ਵੀ ਸਖਤ ਰੁੱਖ ਅਪਣਾਇਆ ਜਾਵੇਗਾ। ਅਜਿਹੀਆਂ ਮਨਮਰਜੀਆਂ ਕਰਨ ਵਾਲਿਆਂ ਖਿਲਾਫ ਬਿਨਾਂ ਦੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਡਾ.ਗੁਰਦੀਪ ਸਿੰਘ, ਡਾ.ਗੁਰਮੁੱਖ ਸਿੰਘ ਨੂੰ ਬਲਾਕ ਜਗਰਾਉਂ ਅਤੇ ਸਿੱਧਵਾਂ ਬੇਟ ’ਚ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਕੋ-ਆਪਰੇਟਿਵ ਸੁਸਾਇਟੀਆਂ ਦੇ ਸਹਾਇਕ ਰਜਿਸਟਰਾਰ ਨੂੰ ਸੁਸਾਇਟੀਆਂ ’ਚ ਖਾਦ ਵੰਡਣ ਵੇਲੇ ਕਿਸੇ ਵੀ ਤਰ੍ਹਾਂ ਦੀ ਵਿਤਕਰੇਬਾਜ਼ੀ ਨਾ ਕਰਨ ਦੀ ਤਾੜਨਾ ਕੀਤੀ। ਉਨ੍ਹਾਂ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਖਾਦ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਡੀ.ਏ.ਪੀ ਖਾਦ ਦਾ ਵੱਖਰਾ ਰੈਕ ਲਗਾਉਣ ਲਈ ਉਚ-ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ।