ਸਤਵਿੰਦਰ ਬਸਰਾ
ਲੁਧਿਆਣਾ, 17 ਫਰਵਰੀ
ਸਰਕਾਰੀ ਸਕੂਲ ਕੋਟ ਮੰਗਲ ਸਿੰਘ ਵਿੱਚ ਬੀਤੇ ਦਿਨ ਇੱਕ ਅਧਿਆਪਕ ਦੇ ਕਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਸਕੂਲ ਅਧਿਆਪਕਾਂ ਅਤੇ ਹੋਰ ਸਟਾਫ ਦੇ ਕਰੋਨਾ ਸੈਂਪਲ ਲਏ ਗਏ। ਇਨ੍ਹਾਂ ਦੀ ਰਿਪੋਰਟ ਇੱਕ-ਦੋ ਦਿਨ ਵਿੱਚ ਆਉਣ ਦੀ ਸੰਭਾਵਨਾ ਹੈ। ਪਿਛਲੇ ਦਿਨਾਂ ਦੌਰਾਨ ਜ਼ਿਲ੍ਹੇ ਦੇ ਕਈ ਸਰਕਾਰੀ ਸਕੂਲਾਂ ਵਿੱਚ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸਕੂਲ ਪ੍ਰਿੰਸੀਪਲ ਅਨੁਸਾਰ ਇਸ ਸਬੰਧੀ ਡੀਈਓ ਦਫਤਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਸ਼ਹਿਰ ਵਿੱਚ ਆਏ ਦਿਨ ਕਈ ਸਰਕਾਰੀ ਸਕੂਲਾਂ ਵਿੱਚ ਕਰੋਨਾ ਦੇ ਮਾਮਲੇ ਸਾਹਮਣੇ ਆਉਣ ਨਾਲ ਜਿੱਥੇ ਅਧਿਆਪਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਵੀ ਦੁਚਿੱਤੀ ਵਿੱਚ ਫਸੇ ਹੋਏ ਹਨ। ਬੀਤੇ ਦਿਨ ਕੋਟ ਮੰਗਲ ਸਿੰਘ ਵਿੱਚ ਵੀ ਇੱਕ ਅਧਿਆਪਕ ਦੀ ਰਿਪੋਰਟ ਕਰੋਨਾ ਆਉਣ ਤੋਂ ਬਾਅਦ ਅੱਜ ਸਕੂਲ ਵਿੱਚ ਡਾਕਟਰੀ ਟੀਮ ਵੱਲੋਂ ਅਧਿਆਪਕਾਂ ਅਤੇ ਹੋਰ ਸਟਾਫ ਦੇ ਕਰੋਨਾ ਸੈਂਪਲ ਲਏ ਗਏ। ਸਕੂਲ ਪ੍ਰਿੰਸੀਪਲ ਹਰਮੇਸ਼ ਸਿੰਘ ਨੇ ਦੱਸਿਆ ਕਿ ਅੱਜ 24 ਸੀਨੀਅਰ ਕਲਾਸਾਂ ਦੇ ਅਧਿਆਪਕਾਂ ਸਮੇਤ 10 ਪ੍ਰਾਇਮਰੀ ਅਧਿਆਪਕ, ਮਿਡ-ਡੇਅ ਮੀਲ ਅਤੇ ਚੌਕੀਦਾਰਾਂ ਦੇ ਕਰੋਨਾ ਟੈਸਟ ਲਏ ਗਏ। ਸਕੂਲ ਵਿੱਚ ਪ੍ਰਾਇਮਰੀ ਸੈਕਸ਼ਨ ਬੰਦ ਕਰ ਦਿੱਤਾ ਗਿਆ ਹੈ ਪਰ ਵੱਡੀਆਂ ਜਮਾਤਾਂ ਲੱਗ ਰਹੀਆਂ ਹਨ। ਇਸ ਸਬੰਧੀ ਸਾਰੀ ਸੂਚਨਾ ਡੀਈਓ ਦਫਤਰ ਨੂੰ ਭੇਜ ਦਿੱਤੀ ਗਈ ਹੈ ਪਰ ਬੁੱਧਵਾਰ ਸ਼ਾਮ 6 ਵਜੇ ਤੱਕ ਦਫਤਰ ਵੱਲੋਂ ਸਕੂਲ ਬੰਦ ਰੱਖਣ ਸਬੰਧੀ ਕੋਈ ਹਦਾਇਤ ਵਗੈਰ ਨਹੀਂ ਆਈ। ਦੂਜੇ ਪਾਸੇ ਕਈ ਅਧਿਆਪਕਾਂ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਕਰੋਨਾ ਟੈਸਟ ਲਈ ਮਾਪਿਆਂ ਵੱਲੋਂ ਘੋਸ਼ਣਾ ਪੱਤਰ ਲੈਣਾ ਜ਼ਰੂਰੀ ਹੋਣ ਕਰਕੇ ਦੁਚਿੱਤੀ ਵਾਲਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਡੀਈਓ ਰਾਜਿੰਦਰ ਕੌਰ ਨੂੰ ਕਈ ਫੋਨ ਕੀਤੇ, ਵੱਟਸਐਪ ਰਾਹੀਂ ਚੇਤ ਸਿੰਘ ਨਗਰ ਸਕੂਲ ਸਬੰਧੀ ਪੱਖ ਦੇਣ ਲਈ ਸੁਨੇਹੇ ਵੀ ਭੇਜੇ ਗਏ ਪਰ ਖਬਰ ਲਿਖੇ ਜਾਣ ਤੱਕ ਉਨ੍ਹਾਂ ਨੇ ਨਾ ਤਾਂ ਫੋਨ ਚੁੱਕਿਆ ਅਤੇ ਨਾ ਹੀ ਕਿਸੇ ਸੁਨੇਹੇ ਦਾ ਜਵਾਬ ਦਿੱਤਾ।