ਪੱਤਰ ਪ੍ਰੇਰਕ
ਰਾਏਕੋਟ, 22 ਜੂਨ
ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਬਣਾਏ ਜਾਣ ਵਾਲੇ ਸੰਤਾ ਸਿੰਘ ਰਾਮਗੜ੍ਹੀਆ ਪਾਰਕ ਵਿੱਚ ਲੱਗੇ ਦਰੱਖ਼ਤਾਂ ਦੇ ਕੱਟੇ ਜਾਣ ਨੂੰ ਲੈ ਕੇ ਕੁਝ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ। ਇਸ ਸਬੰਧੀ ਅੱਜ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਵਿਵਾਦ ਬੇਲੋੜਾ ਅਤੇ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਤੋਂ ਬੇ-ਆਬਾਦ ਪਏ ਇਸ ਪਾਰਕ ਨੂੰ ਜੇਕਰ ਹੁਣ ਨਗਰ ਕੌਂਸਲ ਮੁੜ ਬਣਾਉਣ ਜਾ ਰਹੀ ਹੈ ਤਾਂ ਕੁਝ ਲੋਕ ਇਸ ਵਿੱਚ ਲੱਗੇ ਦਰੱਖ਼ਤਾਂ ਦੀ ਕਟਾਈ ਨੂੰ ਮੁੱਦਾ ਬਣਾ ਕੇ ਬੇਲੋੜਾ ਵਿਰੋਧ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਆਪਣੇ ਪਿਛਲੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਵਲੋਂ ਸ਼ਹਿਰ ਵਿੱਚ ਵੱਡੀ ਪੱਧਰ ’ਤੇ ਦਰੱਖ਼ਤ ਲਗਵਾਏ ਗਏ ਸਨ ਅਤੇ ਦਰੱਖਤ ਲਗਾਉਣ ਦਾ ਇਹ ਸਿਲਸਿਲਾ ਹੁਣ ਵੀ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਪਾਰਕ ਵਿੱਚ ਜੋ 19 ਦਰੱਖ਼ਤਾਂ ਦੀ ਨੀਲਾਮੀ ਕਰਵਾਈ ਜਾ ਰਹੀ ਹੈ, ਉਨ੍ਹਾਂ ਵਿੱਚ ਜ਼ਿਆਦਾਤਰ ਦਰੱਖਤ ਸਫੈਦੇ ਅਤੇ ਕਿੱਕਰਾਂ ਦੇ ਹਨ, ਜੋ ਕਿ ਇਕ ਪਾਰਕ ਵਿੱਚ ਲੱਗਣ ਯੋਗ ਨਹੀਂ ਹਨ ਅਤੇ ਉਨ੍ਹਾਂ ਨੂੰ ਕੱਟਣ ਲਈ ਕੌਂਸਲ ਵਲੋਂ ਜੰਗਲਾਤ ਵਿਭਾਗ ਤੋਂ ਬਕਾਇਦਾ ਮਨਜ਼ੂਰੀ ਵੀ ਲਈ ਗਈ ਹੈ।